ਨਵੀਂ ਦਿੱਲੀ (ਜੇਐੱਨਐੱਨ) : ਪਾਕਿਸਤਾਨ ਕ੍ਰਿਕਟ ਟੀਮ ਦੇ ਸੀਮਤ ਓਵਰਾਂ ਦੇ ਕਪਤਾਨ ਬਾਬਰ ਆਜ਼ਮ ਦੀ ਤੁਲਨਾ ਅਕਸਰ ਹੀ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨਾਲ ਹੁੰਦੀ ਹੈ। ਕੋਹਲੀ ਨੇ ਸ਼ੁਰੂਆਤ ਤੋਂ ਬਾਅਦ ਤੋਂ ਲਗਾਤਾਰ ਸ਼ਾਨਦਾਰ ਖੇਡ ਦੇ ਦਮ 'ਤੇ ਕਈ ਰਿਕਾਰਡ ਆਪਣੇ ਨਾਂ ਕੀਤੇ ਹਨ। ਉਥੇ ਪਾਕਿਸਤਾਨ ਦੇ ਬਾਬਰ ਵੀ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਪਾਕਿਸਤਾਨ ਦੇ ਉੱਭਰਦੇ ਬੱਲੇਬਾਜ਼ ਹੈਦਰ ਅਲੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੋਹਲੀ ਨਹੀਂ ਬਲਕਿ ਬਾਬਰ ਆਜ਼ਮ ਜ਼ਿਆਦਾ ਪਸੰਦ ਹਨ ਕਿਉਂਕਿ ਉਨ੍ਹਾਂ ਦੇ ਕੋਲ ਬਿਹਤਰ ਸ਼ਾਟ ਹਨ।

ਪਾਕਿਸਤਾਨ ਵੱਲੋਂ ਅੰਡਰ-19 ਵਿਸ਼ਵ ਕੱਪ ਖੇਡਣ ਵਾਲੇ ਹੈਦਰ ਨੂੰ ਅਗਲਾ ਸਟਾਰ ਦੱਸਿਆ ਜਾ ਰਿਹਾ ਹੈ। ਵਿਸ਼ਵ ਕੱਪ ਤੇ ਫਿਰ ਪਾਕਿਸਤਾਨ ਸੁਪਰ ਲੀਗ ਵਿਚ ਆਪਣੀ ਬੱਲੇਬਾਜ਼ੀ ਨਾਲ ਇਸ ਖਿਡਾਰੀ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਅੰਤਰਰਾਸ਼ਟਰੀ ਕ੍ਰਿਕਟ ਵਿਚ ਹੈਦਰ ਕਿਸ ਖਿਡਾਰੀ ਵਰਗਾ ਬਣਨਾ ਚਾਹੁੰਦੇ ਹਨ ਜਾਂ ਉਹ ਕਿਸ ਨੂੰ ਆਪਣਾ ਆਦਰਸ਼ ਮੰਨਦੇ ਹਨ ਇਸ 'ਤੇ ਉਨ੍ਹਾਂ ਨੇ ਆਪਣੀ ਗੱਲ ਕਹੀ। ਹੈਦਰ ਨੇ ਪਾਕਿਸਤਾਨ ਕਿ੍ਕਟ ਨਾਲ ਗੱਲ ਕਰਦੇ ਹੋਏ ਕਿਹਾ ਕਿ ਇਕ ਬੱਲੇਬਾਜ਼ ਕਦੀ ਵੀ ਆਪਣੇ ਆਦਰਸ਼ ਵਰਗਾ ਨਹੀਂ ਬਣ ਸਕਦਾ। ਹਾਂ ਉਹ ਆਪਣੇ ਆਪ ਨੂੰ ਬਿਹਤਰ ਕਰਦੇ ਹੋਏ ਉਨ੍ਹਾਂ ਵਰਗੇ ਸ਼ਾਟ ਲਾਉਣੇ ਜ਼ਰੂਰ ਸਿੱਖ ਸਕਦਾ ਹੈ। ਮੈਂ ਚਾਹਾਂਗਾ ਕਿ ਆਪਣੇ ਸ਼ਾਟ ਇੰਨੇ ਬਿਹਤਰ ਕਰ ਲਵਾਂ ਕਿ ਲੋਕ ਮੈਨੂੰ ਬਾਬਰ ਆਜ਼ਮ ਕਹਿਣ ਨਾ ਕਿ ਵਿਰਾਟ ਕੋਹਲੀ ਕਿਉਂਕਿ ਬਾਬਰ ਕੋਲ ਵਿਰਾਟ ਤੋਂ ਬਿਹਤਰ ਸ਼ਾਟ ਹਨ। ਹੈਦਰ ਨੇ ਅੱਗੇ ਕਿਹਾ ਕਿ ਮੈਂ ਵਿਰੋਟ ਕੋਹਲੀ ਵਰਗਾ ਤਾਂ ਨਹੀਂ ਬਣ ਸਕਦਾ ਪਰ ਅਭਿਆਸ ਨਾਲ ਉਨ੍ਹਾਂ ਵਰਗੇ ਸ਼ਾਟ ਲਾਉਣਾ ਜ਼ਰੂਰ ਸਿੱਖ ਸਕਦਾ ਹਾਂ। ਮੈਂ ਹੈਦਰ ਅਲੀ ਹਾਂ ਤੇ ਮੈਂ ਹੈਦਰ ਅਲੀ ਹੀ ਬਣ ਸਕਦਾ ਹਾਂ।

ਆਜ਼ਮ ਨੇ ਮੇਰੀ ਬਹੁਤ ਮਦਦ ਕੀਤੀ :

ਹੈਦਰ ਅਲੀ ਨੇ ਕਿਹਾ ਕਿ ਮੈਂ ਬਾਬਰ ਆਜ਼ਮ ਨਾਲ ਪਹਿਲਾ ਦਰਜਾ ਟੂਰਨਾਮੈਂਟ ਦੌਰਾਨ ਮੁਲਾਕਾਤ ਕੀਤੀ ਸੀ। ਉਨ੍ਹਾਂ ਨੇ ਮੈਨੂੰ ਬੱਲੇਬਾਜ਼ੀ ਨਾਲ ਜੁੜੇ ਕੁਝ ਟਿਪਸ ਦਿੱਤੇ ਸਨ। ਸਾਨੂੰ ਲਾਹੌਰ ਦੀ ਨੈਸ਼ਨਲ ਕ੍ਰਿਕਟ ਅਕੈਡਮੀ ਵਿਚ ਵੀ ਕਾਫੀ ਕੁਝ ਸਿੱਖਣ ਨੂੰ ਮਿਲਿਆ। ਉਨ੍ਹਾਂ ਨੇ ਮੇਰੀ ਪੀਐੱਸਐੱਲ ਦੌਰਾਨ ਵੀ ਕਾਫੀ ਮਦਦ ਕੀਤੀ ਜਿਸ ਨਾਲ ਮੇਰੇ ਅੰਦਰ ਆਤਮਵਿਸ਼ਵਾਸ ਆਇਆ। ਉਨ੍ਹਾਂ ਦਾ ਕਹਿਣਾ ਸੀ ਕਿ ਬਸ ਦੌੜਾਂ ਬਣਾਉਣ 'ਤੇ ਧਿਆਨ ਦਿਓ ਤੇ ਬਾਕੀ ਸਭ ਕੁਝ ਰੱਬ 'ਤੇ ਛੱਡ ਦਿਓ।