ਕੋਲਕਾਤਾ (ਜੇਐੱਨਐੱਨ) : ਗੁਜਰਾਤ ਟਾਈਟਨਜ਼ ਨੇ ਮੰਗਲਵਾਰ ਨੂੰ ਇੱਥੇ ਈਡਨ ਗਾਰਡਨ ਸਟੇਡੀਅਮ ਵਿਚ ਰਾਜਸਥਾਨ ਰਾਇਲਜ਼ ਖ਼ਿਲਾਫ਼ ਆਈਪੀਐੱਲ ਦੇ ਕੁਆਲੀਫਾਇਰ-1 ਦੇ ਮੈਚ 'ਚ ਸੱਤ ਵਿਕਟਾਂ ਨਾਲ ਜਿੱਤ ਹਾਸਲ ਕਰ ਕੇ ਫਾਈਨਲ 'ਚ ਪ੍ਰਵੇਸ਼ ਕੀਤਾ। ਰਾਜਸਥਾਨ ਰਾਇਲਜ਼ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਤੈਅ 20 ਓਵਰਾਂ 'ਚ ਛੇ ਵਿਕਟਾਂ 'ਤੇ 188 ਦੌੜਾਂ ਦਾ ਸਕੋਰ ਬਣਾਇਆ। ਜਵਾਬ 'ਚ ਗੁਜਰਾਤ ਨੇ ਸ਼ੁਭਮਨ ਗਿੱਲ (35), ਵੇਡ (35), ਹਾਰਦਿਕ ਪਾਂਡਿਆ (ਅਜੇਤੂ 40) ਤੇ ਡੇਵਿਡ ਮਿਲਰ (ਅਜੇਤੂ 68) ਦੀਆਂ ਸ਼ਾਨਦਾਰ ਪਾਰੀਆਂ ਦੇ ਦਮ 'ਤੇ 19.3 ਓਵਰਾਂ 'ਚ ਤਿੰਨ ਵਿਕਟਾਂ ਦੇ ਨੁਕਸਾਨ 'ਤੇ 191 ਦੌੜਾਂ ਬਣਾ ਕੇ ਪੰਜ ਵਿਕਟਾਂ ਨਾਲ ਮੈਚ ਆਪਣੇ ਨਾਂ ਕਰ ਲਿਆ। ਹਾਰ ਦੇ ਬਾਵਜੂਦ ਰਾਜਸਥਾਨ ਕੋਲ ਫਾਈਨਲ 'ਚ ਪੁੱਜਣ ਦਾ ਮੌਕਾ ਰਹੇਗਾ ਤੇ ਟੀਮ ਬੈਂਗਲੁਰੂ ਤੇ ਲਖਨਊ ਵਿਚਾਲੇ ਹੋਣ ਵਾਲੇ ਏਲੀਮੀਨੇਟਰ ਦੇ ਜੇਤੂ ਨਾਲ ਕੁਆਲੀਫਾਇਰ-2 ਦਾ ਮੁਕਾਬਲਾ ਖੇਡੇਗੀ ਜਿਸ 'ਚ ਜਿੱਤ ਹਾਸਲ ਕਰਨ ਵਾਲੀ ਟੀਮ ਫਾਈਨਲ 'ਚ ਪ੍ਰਵੇਸ਼ ਕਰੇਗੀ। ਇਸ ਤੋਂ ਪਹਿਲਾਂ ਗੁਜਰਾਤ ਦੇ ਕਪਤਾਨ ਹਾਰਦਿਕ ਪਾਂਡਿਆ ਨੇ ਕੋਲਕਾਤਾ ਵਿਚ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਬਾਰਿਸ਼ ਕਾਰਨ ਈਡਨ ਦੀ ਪਿੱਚ ਵਿਚ ਆਈ ਨਮੀ ਦਾ ਫ਼ਾਇਦਾ ਉਠਾਉਣ ਲਈ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ ਪਰ ਇਸ ਦਾ ਬਹੁਤ ਵੱਧ ਫ਼ਾਇਦਾ ਨਹੀਂ ਮਿਲ ਸਕਿਆ। ਹਾਲਾਂਕਿ ਰਾਜਸਥਾਨ ਦੇ ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ (03) ਜਲਦੀ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਜੋਸ ਬਟਲਰ ਤੇ ਸੰਜੂ ਸੈਮਸਨ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਟੀਮ ਨੂੰ ਸੰਭਾਲਿਆ। ਸੰਜੂ ਸੈਮਸਨ ਨੇ 26 ਗੇਂਦਾਂ ਵਿਚ 47 ਦੌੜਾਂ ਬਣਾਈਆਂ ਜਿਸ ਵਿਚ ਉਨ੍ਹਾਂ ਨੇ ਪੰਜ ਚੌਕੇ ਤੇ ਤਿੰਨ ਛੱਕੇ ਲਾਏ। ਜੋਸ ਬਟਲਰ ਸੈਂਕੜਾ ਪੂਰਾ ਨਹੀਂ ਕਰ ਸਕੇ। ਉਨ੍ਹਾਂ ਨੇ 56 ਗੇਂਦਾਂ ਵਿਚ 12 ਚੌਕਿਆਂ ਤੇ ਦੋ ਛੱਕਿਆਂ ਦੀ ਮਦਦ ਨਾਲ 89 ਦੌੜਾਂ ਬਣਾਈਆਂ। ਦੇਵਦੱਤ ਪਡੀਕਲ ਨੇ 28 ਦੌੜਾਂ ਦਾ ਯੋਗਦਾਨ ਦਿੱਤਾ।