ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਆਕਾਸ਼ ਮਧਵਾਲ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਏਲੀਮੀਨੇਟਰ ਵਿਚ ਲਖਨਊ ਸੁਪਰ ਜਾਇੰਟਜ਼ 'ਤੇ ਵੱਡੀ ਜਿੱਤ ਦਰਜ ਕਰਨ ਵਾਲੀ ਪੰਜ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਦੇ ਸਾਹਮਣੇ ਕੁਆਲੀਫਾਇਰ-2 ਵਿਚ ਪਿਛਲੀ ਵਾਰ ਦੀ ਜੇਤੂ ਗੁਜਰਾਤ ਟਾਈਟਜ਼ਨ ਦੀ ਚੁਣੌਤੀ ਹੋਵੇਗੀ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਸ਼ੁੱਕਰਵਾਰ ਨੂੰ ਹੋਣ ਵਾਲੇ ਇਸ ਮੁਕਾਬਲੇ ਵਿਚ ਜਿੱਤਣ ਵਾਲੀ ਟੀਮ ਫਾਈਨਲ ਦੀ ਟਿਕਟ ਕਟਾਏਗੀ ਜਿੱਥੇ ਉਸ ਦਾ ਸਾਹਮਣਾ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਾਲੀ ਚੇਨਈ ਸੁਪਰ ਕਿੰਗਜ਼ ਨਾਲ ਹੋਵੇਗਾ।
ਮੁੰਬਈ ਦਾ ਇਸ ਸੈਸ਼ਨ ਵਿਚ ਪ੍ਰਦਰਸ਼ਨ ਉਤਰਾਅ-ਚੜ੍ਹਾਅ ਵਾਲਾ ਰਿਹਾ ਹੈ ਪਰ ਹੁਣ ਟੀਮ ਸਹੀ ਸਮੇਂ 'ਤੇ ਆਪਣੀ ਲੈਅ ਵਿਚ ਮੁੜ ਆਈ ਹੈ ਤੇ ਲਖਨਊ ਸੁਪਰ ਜਾਇੰਟਜ਼ ਖ਼ਿਲਾਫ਼ ਜਿੱਤ ਗੁਜਰਾਤ ਲਈ ਖ਼ਤਰੇ ਦੀ ਘੰਟੀ ਹੈ। ਜੋਫਰਾ ਆਰਚਰ ਤੇ ਜਸਪ੍ਰਰੀਤ ਬਮਰਾਹ ਦੀ ਗੈਰਮੌਜੂਦਗੀ ਵਿਚ ਟੀਮ ਨੇ ਕੁਆਲੀਫਾਇਰ ਤੱਕ ਦਾ ਸਫ਼ਰ ਤੈਅ ਕੀਤਾ ਹੈ ਤੇ ਹੁਣ ਉਹ ਆਪਣਾ ਸੱਤਵਾਂ ਫਾਈਨਲ ਖੇਡਣ ਤੋਂ ਬਸ ਇਕ ਕਦਮ ਦੂਰ ਹੈ। ਟੀਮ ਲਈ ਆਸਟ੍ਰੇਲਿਆਈ ਹਰਫ਼ਨਮੌਲਾ ਕੈਮਰਨ ਗ੍ਰੀਨ, ਸੂਰਿਆ ਕੁਮਾਰ ਯਾਦਵ ਤੇ ਟਿਮ ਡੇਵਿਡ ਨੇ ਚੰਗੀ ਤਰ੍ਹਾਂ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ। ਉਨ੍ਹਾਂ ਤੋਂ ਇਲਾਵਾ ਨੌਜਵਾਨ ਬੱਲੇਬਾਜ਼ ਨੇਹਲ ਵੀ ਆਪਣਾ ਅਸਰ ਛੱਡ ਰਹੇ ਹਨ ਜਦਕਿ ਰੋਹਿਤ ਸ਼ਰਮਾ ਤੇ ਇਸ਼ਾਨ ਕਿਸ਼ਨ ਦੀ ਸ਼ੁਰੂਆਤੀ ਜੋੜੀ ਆਪਣੀ ਭੂਮਿਕਾ ਨਿਭਾਅ ਰਹੀ ਹੈ। ਇਨ੍ਹਾਂ ਬੱਲੇਬਾਜ਼ਾਂ ਦੇ ਸਾਹਮਣੇ ਗੁਜਰਾਤ ਦੇ ਗੇਂਦਬਾਜ਼ਾਂ ਦਾ ਸਖ਼ਤ ਇਮਤਿਹਾਨ ਹੋਵੇਗਾ ਜਿਸ ਦੀ ਅਗਵਾਈ ਤਜਰਬੇਕਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਕਰ ਰਹੇ ਹਨ।
ਮਧਵਾਲ ਨੇ ਲਖਨਊ ਖ਼ਿਲਾਫ਼ ਪਿਛਲੇ ਮੈਚ ਵਿਚ ਗੇਂਦਬਾਜ਼ੀ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ 3.5 ਓਵਰਾਂ ਵਿਚ ਪੰਜ ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ। ਟੀਮ ਨੂੰ ਉਨ੍ਹਾਂ ਤੋਂ ਇਸੇ ਤਰ੍ਹਾਂ ਦੇ ਪ੍ਰਦਰਸ਼ਨ ਦੀ ਉਮੀਦ ਹੋਵੇਗੀ। ਮੁੰਬਈ ਦੇ ਹੋਰ ਗੇਂਦਬਾਜ਼ਾਂ ਵਿਚ ਤਜਰਬੇਕਾਰ ਲੈੱਗ ਸਪਿੰਨਰ ਪਿਊਸ਼ ਚਾਵਲਾ ਤੇ ਤੇਜ਼ ਗੇਂਦਬਾਜ਼ ਜੇਸਨ ਬੇਹਰਨਡਾਰਫ ਨੇ ਵੀ ਚੰਗੀ ਗੇਂਦਬਾਜ਼ੀ ਕੀਤੀ ਹੈ। ਪਿਛਲੇ ਕੁਝ ਮੈਚਾਂ ਵਿਚ ਦੌੜਾਂ ਦੇਣ ਵਾਲੇ ਤੇਜ਼ ਗੇਂਦਬਾਜ਼ ਕ੍ਰਿਸ ਜਾਰਡਨ ਨੇ ਲਖਨਊ ਖ਼ਿਲਾਫ਼ ਦੋ ਓਵਰਾਂ ਵਿਚ ਸੱਤ ਦੌੜਾਂ ਦੇ ਕੇ ਇਕ ਵਿਕਟ ਲਈ ਜੋ ਮੁੰਬਈ ਲਈ ਚੰਗਾ ਸੰਕੇਤ ਹੈ।
ਗੁਜਰਾਤ ਟਾਈਟਨਜ਼ ਪਹਿਲੇ ਕੁਆਲੀਫਾਇਰ ਵਿਚ ਚੇਨਈ ਦੀ ਟੀਮ ਤੋਂ ਹਾਰ ਸਹਿਣ ਤੋਂ ਬਾਅਦ ਇਸ ਮੈਚ ਵਿਚ ਉਤਰੇਗੀ। ਉਸ ਨੂੰ ਲਗਾਤਾਰ ਦੂਜੀ ਵਾਰ ਆਈਪੀਐੱਲ ਫਾਈਨਲ ਵਿਚ ਥਾਂ ਬਣਾਉਣ ਲਈ ਆਪਣਾ ਸਰਬੋਤਮ ਪ੍ਰਦਰਸ਼ਨ ਕਰਨਾ ਪਵੇਗਾ। ਗੁਜਰਾਤ ਦੇ ਸਾਰੇ ਖਿਡਾਰੀਆਂ ਨੇ ਹੁਣ ਤਕ ਅਹਿਮ ਯੋਗਦਾਨ ਦਿੱਤਾ ਹੈ। ਬੱਲੇਬਾਜ਼ੀ ਵਿਚ ਸ਼ੁਭਮਨ ਗਿੱਲ ਤੇ ਵਿਜੇ ਸ਼ੰਕਰ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਗਿੱਲ ਚੇਨਈ ਖ਼ਿਲਾਫ਼ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੇ ਸਨ ਪਰ ਲੀਗ ਗੇੜ ਦੇ ਆਖ਼ਰੀ ਦੋ ਮੈਚਾਂ ਵਿਚ ਸੈਂਕੜਾ ਜੜਨ ਵਾਲਾ ਇਹ ਸਲਾਮੀ ਬੱਲੇਬਾਜ਼ ਮੁੰਬਈ ਲਈ ਸਭ ਤੋਂ ਵੱਡੀ ਚੁਣੌਤੀ ਹੋਵੇਗਾ।
ਗਿੱਲ ਨੇ ਗੁਜਰਾਤ ਟਾਈਟਨਜ਼ ਦੀ ਬੱਲੇਬਾਜ਼ੀ ਦੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਸੰਭਾਲ ਕੇ ਰੱਖੀ ਹੈ। ਇਸ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਹੁਣ ਤਕ 15 ਮੈਚਾਂ ਵਿਚ 722 ਦੌੜਾਂ ਬਣਾਈਆਂ ਹਨ। ਗੁਜਰਾਤ ਵੱਲੋਂ ਉਨ੍ਹਾਂ ਤੋਂ ਇਲਾਵਾ ਸਭ ਤੋਂ ਵੱਧ ਦੌੜਾਂ ਵਿਜੇ ਸ਼ੰਕਰ ਨੇ ਬਣਾਈਆਂ ਹਨ ਪਰ ਉਹ ਗਿੱਲ ਤੋਂ 421 ਦੌੜਾਂ ਪਿੱਛੇ ਹਨ। ਸ਼ੰਕਰ ਦੇ ਨਾਂ 'ਤੇ ਅਜੇ 12 ਮੈਚਾਂ ਵਿਚ 301 ਦੌੜਾਂ ਦਰਜ ਹਨ। ਗਿੱਲ ਨੂੰ ਇਸ ਸੈਸ਼ਨ ਵਿਚ ਸਭ ਤੋਂ ਵੱਧ ਦੌੜਾਂ ਬਣਾ ਕੇ ਆਰਸੀਬੀ ਦੇ ਫਾਫ ਡੁਪਲੇਸਿਸ ਤੋਂ ਆਰੈਂਜ ਕੈਪ ਹਾਸਲ ਕਰਨ ਲਈ ਸਿਰਫ਼ ਅੱਠ ਦੌੜਾਂ ਦੀ ਲੋੜ ਹੈ। ਗੁਜਰਾਤ ਲਈ ਹਾਲਾਂਕਿ ਕਪਤਾਨ ਹਾਰਦਿਕ ਪਾਂਡਿਆ ਦਾ ਖ਼ਰਾਬ ਪ੍ਰਦਰਸ਼ਨ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਨੇ ਪਿਛਲੇ ਪੰਜ ਮੈਚਾਂ ਵਿਚ ਸਿਰਫ਼ 45 ਦੌੜਾਂ ਬਣਾਈਆਂ ਹਨ। ਮੱਧਕ੍ਰਮ ਵਿਚ ਡੇਵਿਡ ਮਿਲਰ ਵੀ ਵੱਡੀ ਪਾਰੀ ਖੇਡਣ ਵਿਚ ਨਾਕਾਮ ਰਹੇ ਹਨ। ਪਿਛਲੇ ਤਿੰਨ ਮੈਚਾਂ ਵਿਚ ਤਾਂ ਉਹ ਦਹਾਈ ਦੇ ਅੰਕ ਤੱਕ ਵੀ ਨਹੀਂ ਪੁੱਜ ਸਕੇ ਸਨ। ਮੁੰਬਈ ਤੇ ਗੁਜਰਾਤ ਇਸ ਸੈਸ਼ਨ ਵਿਚ ਤੀਜੀ ਵਾਰ ਇਕ-ਦੂਜੇ ਦਾ ਸਾਹਮਣਾ ਕਰਨਗੇ। ਹੁਣ ਤੱਕ ਦੋਵਾਂ ਟੀਮਾਂ ਨੇ ਇਕ-ਇਕ ਮੈਚ ਜਿੱਤਿਆ ਹੈ।
Posted By: Gurinder Singh