ਵਿਸ਼ਾਲ ਸ਼੍ਰੇਸ਼ਠ, ਕੋਲਕਾਤਾ : ਇਕ ਪਾਸੇ ਦੂਜੀ ਵਾਰ ਆਈਪੀਐੱਲ ਜਿੱਤਣ ਲਈ ਬੇਤਾਬ ਰਾਜਸਥਾਨ ਰਾਇਲਜ਼ ਹੈ ਤਾਂ ਦੂਜੇ ਪਾਸੇ ਪਹਿਲੀ ਵਾਰ 'ਚ ਖ਼ਿਤਾਬ 'ਤੇ ਕਬਜ਼ਾ ਕਰਨ ਲਈ ਉਤਸ਼ਾਹਤ ਗੁਜਰਾਤ ਟਾਈਟਨਜ਼। ਮੰਗਲਵਾਰ ਨੂੰ ਇਤਿਹਾਸਕ ਈਡਨ ਗਾਰਡਨਜ਼ ਸਟੇਡੀਅਮ ਵਿਚ ਹੋਣ ਵਾਲੇ ਕੁਆਲੀਫਾਇਰ-1 ਵਿਚ ਜਦ ਦੋਵੇਂ ਟੀਮਾਂ ਜ਼ੋਰ ਅਜ਼ਮਾਇਸ਼ ਕਰਨ ਉਤਰਨਗੀਆਂ ਤਾਂ ਉਨ੍ਹਾਂ ਦੀਆਂ ਨਜ਼ਰਾਂ ਕੋਲਕਾਤਾ ਤੋਂ ਹੀ ਅਹਿਮਦਾਬਾਦ ਵਿਚ ਹੋਣ ਵਾਲੇ ਫਾਈਨਲ ਮੈਚ ਦੀ ਟਿਕਟ ਕਟਾਉਣ 'ਤੇ ਹੋਣਗੀਆਂ। ਈਡਨ ਵੀ ਤਿੰਨ ਸਾਲ ਬਾਅਦ ਆਈਪੀਐੱਲ ਦੇ ਮਹਾ ਮੁਕਾਬਲਿਆਂ ਲਈ ਤਿਆਰ ਹੈ।ਗੁਜਰਾਤ ਤੇ ਰਾਜਸਥਾਨ ਲਈ ਰਾਹਤ ਦੀ ਗੱਲ ਇਹ ਹੈ ਕਿ ਨਾਕਆਊਟ ਗੇੜ ਦਾ ਪਹਿਲਾ ਮੁਕਾਬਲਾ ਹਾਰਨ 'ਤੇ ਵੀ ਉਨ੍ਹਾਂ ਨੂੰ ਦੂਜਾ ਮੌਕਾ ਮਿਲੇਗਾ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ 27 ਮਈ ਨੂੰ ਹੋਣ ਵਾਲੇ ਕੁਆਲੀਫਾਇਰ-2 ਰਾਹੀਂ ਉਹ 29 ਮਈ ਨੂੰ ਉਸੇ ਮੈਦਾਨ 'ਚ ਹੋਣ ਵਾਲੇ ਫਾਈਨਲ ਵਿਚ ਪੁੱਜ ਸਕਦੀਆਂ ਹਨ।

ਕੋਈ ਘੱਟ ਨਹੀਂ

ਗੁਜਰਾਤ-ਰਾਜਸਥਾਨ ਵਿਚੋਂ ਕਿਸੇ ਨੂੰ ਘੱਟ ਕਰ ਕੇ ਨਹੀਂ ਦੇਖਿਆ ਜਾ ਸਕਦਾ। ਦੋਵੇਂ ਟੀਮਾਂ ਲੀਗ ਗੇੜ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਆਰਾਮ ਨਾਲ ਪਲੇਆਫ ਵਿਚ ਪੁੱਜੀਆਂ ਹਨ। ਹਾਰਦਿਕ ਪਾਂਡਿਆ ਦੀ ਕਪਤਾਨੀ ਵਿਚ ਗੁਜਰਾਤ ਨੇ ਜਿੱਥੇ ਲੀਗ ਗੇੜ ਦੇ 14 ਵਿਚੋਂ 10 ਮੈਚ ਜਿੱਤੇ ਤਾਂ ਰਾਜਸਥਾਨ ਨੇ ਵੀ ਨੌਂ ਵਿਚ ਜਿੱਤ ਦਰਜ ਕੀਤੀ। ਗੁਜਰਾਤ ਦੇ ਪੱਖ ਵਿਚ ਇਕ ਗੱਲ ਜ਼ਰੂਰ ਹੈ ਕਿ ਉਸ ਨੇ ਲੀਗ ਗੇੜ ਵਿਚ ਰਾਜਸਥਾਨ ਨੂੰ 37 ਦੌੜਾਂ ਨਾਲ ਹਰਾਇਆ ਸੀ। ਇਸ ਲਿਹਾਜ਼ ਨਾਲ ਉਹ ਮਨੋਵਿਗਿਆਨਕ ਤੌਰ 'ਤੇ ਇਕ ਕਦਮ ਅੱਗੇ ਹਨ।

ਜੋਸ਼ 'ਚ ਹਨ ਬਟਲਰ, ਚਹਿਕ ਰਹੇ ਨੇ ਚਹਿਲ :

ਰਾਜਸਥਾਨ ਬੱਲੇਬਾਜ਼ੀ ਤੇ ਗੇਂਦਬਾਜ਼ੀ, ਦੋਵਾਂ ਦੇ ਦਮ 'ਤੇ ਪਲੇਆਫ ਵਿਚ ਪੁੱਜਾ ਹੈ। ਜੋਸ ਬਟਲਰ ਦੇ ਆਰੇਂਜ ਕੈਪ ਤੇ ਯੁਜਵਿੰਦਰ ਸਿੰਘ ਚਹਿਲ ਦੇ ਪਰਪਲ ਕੈਪ ਦੀ ਦੌੜ ਵਿਚ ਸਭ ਤੋਂ ਅੱਗੇ ਹੋਣਾ ਇਹ ਸਾਫ਼ ਜ਼ਾਹਰ ਕਰਦਾ ਹੈ। ਬਟਲਰ 14 ਮੈਚਾਂ ਵਿਚ 629 ਦੌੜਾਂ (ਤਿੰਨ ਸੈਂਕੜੇ ਤੇ ਤਿੰਨ ਅਰਧ ਸੈਂਕੜੇ) ਬਣਾ ਚੁੱਕੇ ਹਨ, ਉਥੇ ਚਹਿਲ ਨੇ ਇੰਨੇ ਹੀ ਮੈਚਾਂ ਵਿਚ 26 ਵਿਕਟਾਂ ਹਾਸਲ ਕੀਤੀਆਂ ਹਨ। ਚਹਿਲ ਆਈਪੀਐੱਲ ਦੇ ਤੀਜੇ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣਨ ਤੋਂ ਸਿਰਫ਼ ਦੋ ਵਿਕਟਾਂ ਦੂਰ ਹਨ। ਤੀਜੇ ਸਥਾਨ 'ਤੇ ਅਜੇ 166 ਵਿਕਟਾਂ ਨਾਲ ਅਮਿਤ ਮਿਸ਼ਰਾ ਹਨ ਜਦਕਿ ਚਹਿਲ ਦੀਆਂ 165 ਵਿਕਟਾਂ ਹਨ। ਉਥੇ ਇਸ ਟੀਮ ਦੇ ਸਭ ਤੋਂ ਤਜਰਬੇਕਾਰ ਸਪਿੰਨਰ ਰਵੀਚੰਦਰਨ ਅਸ਼ਵਿਨ ਵੀ ਪਿਊਸ਼ ਚਾਵਲਾ (157) ਨੂੰ ਪਛਾੜ ਕੇ ਆਈਪੀਐੱਲ ਦੇ ਪੰਜਵੇਂ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣਨ ਤੋਂ ਸਿਰਫ਼ ਦੋ ਵਿਕਟਾਂ ਦੂਰ ਹਨ। ਅਸ਼ਵਿਨ ਦੀਆਂ ਅਜੇ 156 ਵਿਕਟਾਂ ਹਨ। ਉਨ੍ਹਾਂ ਨੇ ਇਸ ਸੈਸ਼ਨ ਵਿਚ ਹੁਣ ਤਕ 11 ਵਿਕਟਾਂ ਹਾਸਲ ਕੀਤੀਆਂ ਹਨ। ਟੀਮ ਮੈਨੇਜਮੈਂਟ ਨੂੰ ਅਸ਼ਵਿਨ ਤੋਂ ਬੱਲੇਬਾਜ਼ੀ 'ਚ ਵੀ ਕਾਫੀ ਉਮੀਦਾਂ ਹੋਣਗੀਆਂ।

ਰਾਸ਼ਿਦ ਤੇ ਸ਼ਮੀ ਤੋਂ ਰਹਿਣਾ ਪਵੇਗਾ ਚੌਕਸ :

ਦੂਜੇ ਪਾਸੇ, ਗੁਜਰਾਤ ਦੇ ਸਪਿੰਨਰ ਰਾਸ਼ਿਦ ਖ਼ਾਨ ਤੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਭੁੱਲਣਾ ਬੇਇਮਾਨੀ ਹੋਵੇਗੀ ਜਿਨ੍ਹਾਂ ਨੇ ਲੀਗ ਗੇੜ ਵਿਚ 18-18 ਵਿਕਟਾਂ ਹਾਸਲ ਕੀਤੀਆਂ ਹਨ। ਈਡਨ ਸ਼ਮੀ ਦਾ ਘਰੇਲੂ ਮੈਦਾਨ ਵੀ ਹੈ। ਇੱਥੇ ਨਵੀਂ ਗੇਂਦ ਨਾਲ ਉਹ ਕਮਾਲ ਕਰ ਸਕਦੇ ਹਨ। ਦੂਜੇ ਪਾਸੇ ਗੁਜਰਾਤ ਦੇ ਬੱਲੇਬਾਜ਼ਾਂ ਨੂੰ ਰਾਜਸਥਾਨ ਦੇ ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਨਾ ਤੇ ਟ੍ਰੇਂਟ ਬੋਲਟ ਤੋਂ ਚੌਕਸ ਰਹਿਣਾ ਪਵੇਗਾ, ਜਿਨ੍ਹਾਂ ਨੇ ਇਸ ਸੈਸ਼ਨ ਵਿਚ ਹੁਣ ਤਕ ਕ੍ਰਮਵਾਰ 15 ਤੇ 13 ਵਿਕਟਾਂ ਹਾਸਲ ਕੀਤੀਆਂ ਹਨ।

ਕਪਤਾਨਾਂ ਨੂੰ ਦਿਖਾਉਣਾ ਪਵੇਗਾ ਦਮ

ਸਿੱਧਾ ਫਾਈਨਲ 'ਚ ਪੁੱਜਣਾ ਹੈ ਤਾਂ ਦੋਵਾਂ ਕਪਤਾਨਾਂ ਨੂੰ ਵੀ ਦਮ ਦਿਖਾਉਣਾ ਪਵੇਗਾ। ਵੈਸੇ ਗੁਜਰਾਤ ਦੇ ਕਪਤਾਨ ਹਾਰਦਿਕ ਪਾਂਡਿਆ ਨੇ 13 ਮੈਚਾਂ ਵਿਚ 413 ਦੌੜਾਂ ਬਣਾਈਆਂ ਹਨ। ਲੀਗ ਗੇੜ ਵਿਚ ਰਾਜਸਥਾਨ ਖ਼ਿਲਾਫ਼ ਮੈਚ ਵਿਚ ਪਾਂਡਿਆ ਨੇ 52 ਗੇਂਦਾਂ 'ਤੇ 87 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀਸੀ। ਦੂਜੇ ਪਾਸੇ, ਸੰਜੂ ਸੈਮਸਨ ਦੀ 'ਕਪਤਾਨੀ ਪਾਰੀ' ਅਜੇ ਬਾਕੀ ਹੈ। ਗੁਜਰਾਤ ਦੇ ਨੌਜਵਾਨ ਸ਼ੁਭਮਨ ਗਿੱਲ ਦੀ ਝੋਲੀ ਵਿਚ ਵੀ ਦੌੜਾਂ ਆਈਆਂ ਹਨ, ਹਾਲਾਂਕਿ ਪਿਛਲੇ ਦੋ ਮੈਚਾਂ ਵਿਚ ਉਹ ਨਾਕਾਮ ਰਹੇ ਹਨ। ਵੱਡੇ ਮੁਕਾਬਲਿਆਂ ਵਿਚ ਟੀਮ ਨੂੰ ਉਨ੍ਹਾਂ ਤੋਂ ਵੱਡੀ ਪਾਰੀ ਦੀ ਉਮੀਦ ਹੋਵੇਗੀ। ਗੁਜਰਾਤ ਦੇ ਡੇਵਿਡ ਮਿਲਰ ਕਦੀ ਵੀ ਬੱਲੇਬਾਜ਼ਾਂ ਲਈ ਖ਼ਤਰਨਾਕ ਬਣ ਸਕਦੇ ਹਨ। ਰਾਜਸਥਾਨ ਦੇ ਯਸ਼ਸਵੀ ਜਾਇਸਵਾਲ 'ਤੇ ਵੀ ਸਾਰਿਆਂ ਦੀਆਂ ਨਜ਼ਰਾਂ ਹੋਣਗੀਆਂ।

ਗੁਜਰਾਤ ਨੂੰ ਸਤਾ ਰਹੀ ਰਿੱਧੀਮਾਨ ਦੀ ਸੱਟ

ਗੁਜਰਾਤ ਲਈ ਵਿਕਟਕੀਪਰ ਬੱਲੇਬਾਜ਼ ਰਿੱਧੀਮਾਨ ਸਾਹਾ ਦਾ ਜ਼ਖ਼ਮੀ ਹੋਣਾ ਚਿੰਤਾ ਦਾ ਸਬੱਬ ਹੈ। ਸੱਟ ਕਾਰਨ ਰਿੱਧੀਮਾਨ ਚੇਨਈ ਖ਼ਿਲਾਫ਼ ਮੈਚ ਨਹੀਂ ਖੇਡ ਸਕੇ ਸਨ ਹਾਲਾਂਕਿ ਟੀਮ ਮੈਨੇਜਮੈਂਟ ਨੂੰ ਉਮੀਦ ਹੈ ਕਿ ਮੈਚ ਤੋਂ ਪਹਿਲਾਂ ਉਹ ਪੂਰੀ ਤਰ੍ਹਾਂ ਫਿੱਟ ਹੋ ਜਾਣਗੇ। ਈਡਨ ਰਿੱਧੀਮਾਨ ਦਾ ਵੀ ਘਰੇਲੂ ਮੈਦਾਨ ਹੈ। ਰਿੱਧੀਮਾਨ ਨੇ ਨੌਂ ਮੈਚਾਂ ਵਿਚ ਤਿੰਨ ਅਰਧ ਸੈਂਕੜੇ ਲਾਏ ਹਨ।

ਬਾਰਿਸ਼ ਦੀ ਵੀ ਹੈ ਸੰਭਾਵਨਾ :

ਕੋਲਕਾਤਾ ਵਿਚ ਇਸ ਸਮੇਂ ਕਾਲਬੈਸਾਖੀ ਸਰਗਰਮ ਹੈ। ਸ਼ਾਮ ਦੇ ਸਮੇਂ ਅਚਾਨਕ ਤੇਜ਼ ਹਵਾਵਾਂ ਦੇ ਨਾਲ ਬਾਰਿਸ਼ ਹੋ ਰਹੀ ਹੈ। ਮੰਗਲਵਾਰ ਨੂੰ ਵੀ ਬਾਰਿਸ਼ ਦੇ ਆਸਾਰ ਹਨ, ਜਿਸ ਦਾ ਮੈਚ 'ਤੇ ਅਸਰ ਪੈ ਸਕਦਾ ਹੈ। ਮੈਚ ਦੇ ਵਿਚਾਲੇ ਬਾਰਿਸ਼ ਦੇ ਸ਼ੁਰੂ ਹੋਣ 'ਤੇ ਹਾਲਾਤ ਤੇ ਸਮੀਕਰਨ ਤੇਜ਼ੀ ਨਾਲ ਬਦਲ ਸਕਦੇ ਹਨ। ਰਣਨੀਤੀ ਤਿਆਰ ਕਰਨ ਵਿਚ ਰੁੱਝੇ ਦੋਵਾਂ ਕਪਤਾਨਾਂ ਦੇ ਦਿਮਾਗ਼ 'ਚ ਇਹ ਗੱਲ ਜ਼ਰੂਰ ਚੱਲ ਰਹੀ ਹੋਵੇਗੀ।

ਦੋਵਾਂ ਟੀਮਾਂ 'ਚ ਸ਼ਾਮਲ ਖਿਡਾਰੀ :

ਗੁਜਰਾਤ ਟਾਈਟਨਜ਼ :

ਹਾਰਦਿਕ ਪਾਂਡਿਆ (ਕਪਤਾਨ), ਅਭਿਨਵ ਮਨੋਹਰ, ਡੇਵਿਡ ਮਿਲਰ, ਗੁਰਕੀਰਤ ਸਿੰਘ, ਬੀ ਸਾਈ ਸੁਦਰਸ਼ਨ, ਸ਼ੁਭਮਨ ਗਿੱਲ, ਰਾਹੁਲ ਤੇਵਤੀਆ, ਵਿਜੇ ਸ਼ੰਕਰ, ਮੈਖਿਊ ਵੇਡ, ਰਹਿਮਾਨੁੱਲ੍ਹਾ ਗੁਰਬਾਜ, ਰਿੱਧੀਮਾਨ ਸਾਹਾ, ਅਲਜਾਰੀ ਜੋਸਫ਼, ਦਰਸ਼ਨ ਨਲਕੰਡੇ, ਲਾਕੀ ਫਰਗਿਊਸਨ, ਮੁਹੰਮਦ ਸ਼ਮੀ, ਨੂਰ ਅਹਿਮਦ, ਪ੍ਰਦੀਪ ਸਾਂਗਵਾਨ, ਰਾਸ਼ਿਦ ਖ਼ਾਨ, ਰਵੀਸ਼੍ਰੀਨਿਵਾਸਨ ਸਾਈ ਕਿਸ਼ੋਰ, ਵਰੁਣ ਆਰੋਨ ਤੇ ਯਸ਼ ਦਿਆਲ।

ਰਾਜਸਥਾਨ ਰਾਇਲਜ਼ :

ਸੰਜੂ ਸੈਮਸਨ (ਕਪਤਾਨ), ਜੋਸ ਬਟਲਰ, ਯਸ਼ਸਵੀ ਜਾਇਸਵਾਲ, ਰਵੀਚੰਦਰਨ ਅਸ਼ਵਿਨ, ਟ੍ਰੇਂਟ ਬੋਲਟ, ਸ਼ਿਮਰੋਨ ਹੇਟਮਾਇਰ, ਦੇਵਦੱਤ ਪਡੀਕਲ, ਪ੍ਰਸਿੱਧ ਕ੍ਰਿਸ਼ਨਾ, ਯੁਜਵਿੰਦਰ ਸਿੰਘ ਚਹਿਲ, ਰਿਆਨ ਪਰਾਗ, ਕੇਸੀ ਕਰੀਅੱਪਾ, ਨਵਦੀਪ ਸੈਣੀ, ਓਬੇਦ ਮੈਕਾਏ, ਅਨੁਨਯ ਸਿੰਘ, ਕੁਲਦੀਪ ਸੇਨ, ਕਰੁਣ ਨਾਇਰ, ਧਰੁਵ ਜੁਰੇਲ, ਤੇਜਸ ਬਰੋਕਾ, ਕੁਲਦੀਪ ਯਾਦਵ, ਸ਼ੁਭਮਨ ਗੜ੍ਹਵਾਲ, ਜੇਮਜ਼ ਨੀਸ਼ਾਮ, ਨਾਥਨ ਕੂਲਟਰ-ਨਾਈਲ, ਰੇਸੀ ਵਾ ਨਡੇਰ ਡੁਸੇਨ, ਡੇਰਿਲ ਮਿਸ਼ੇਲ ਤੇ ਕਾਰਬਿਨ ਬਾਸ਼।