ਦੁਬਈ (ਪੀਟੀਆਈ) : ਭਾਰਤੀ ਹਰਫ਼ਨਮੌਲਾ ਰਵਿੰਦਰ ਜਡੇਜਾ ਬੁੱਧਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਦੀ ਟੈਸਟ ਆਲਰਾਊਂਡਰ ਰੈਂਕਿੰਗ ਵਿਚ ਵੈਸਟਇੰਡੀਜ਼ ਦੇ ਜੇਸਨ ਹੋਲਡਰ ਨੂੰ ਹਟਾ ਕੇ ਚੋਟੀ 'ਤੇ ਪੁੱਜ ਗਏ ਹਨ। ਜਡੇਜਾ ਹੁਣ ਹੋਲਡਰ (384 ਅੰਕ) ਤੋਂ ਦੋ ਅੰਕ ਅੱਗੇ ਹਨ ਜਦਕਿ ਇੰਗਲੈਂਡ ਦੇ ਹਰਫ਼ਨਮੌਲਾ ਬੇਨ ਸਟੋਕਸ 377 ਅੰਕਾਂ ਨਾਲ ਤੀਜੇ ਸਥਾਨ 'ਤੇ ਹਨ। ਇਕ ਹੋਰ ਭਾਰਤੀ ਰਵੀਚੰਦਰਨ ਅਸ਼ਵਿਨ 353 ਅੰਕਾਂ ਨਾਲ ਚੌਥੇ ਸਥਾਨ 'ਤੇ ਹਨ ਜਿਨ੍ਹਾਂ ਤੋਂ ਬਾਅਦ ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ (338) ਦਾ ਨੰਬਰ ਆਉਂਦਾ ਹੈ। ਅਸ਼ਵਿਨ ਟੈਸਟ ਗੇਂਦਬਾਜ਼ਾਂ ਦੀ ਰੈਂਕਿੰਗ ਵਿਚ 850 ਅੰਕ ਲੈ ਕੇ ਦੂਜੇ ਸਥਾਨ 'ਤੇ ਕਾਇਮ ਹਨ, ਉਹ ਆਸਟ੍ਰੇਲੀਆ ਦੇ ਪੈਟ ਕਮਿੰਸ (908) ਤੋਂ ਪਿੱਛੇ ਹਨ।

ਨਿਊਜ਼ੀਲੈਂਡ ਦੇ ਟਿਮ ਸਾਊਥੀ (830) ਤੀਜੇ ਨੰਬਰ 'ਤੇ ਹਨ। ਬੱਲੇਬਾਜ਼ਾਂ ਦੀ ਰੈਂਕਿੰਗ ਵਿਚ ਸਿਖਰਲੇ ਪੰਜ ਸਥਾਨਾਂ ਵਿਚ ਕੋਈ ਤਬਦੀਲੀ ਨਹੀਂ ਹੋਈ ਹੈ। ਭਾਰਤੀ ਕਪਤਾਨ ਵਿਰਾਟ ਕੋਹਲੀ 814 ਅੰਕਾਂ ਨਾਲ ਚੌਥੇ ਸਥਾਨ 'ਤੇ ਕਾਇਮ ਹਨ। ਆਸਟ੍ਰੇਲੀਆ ਦੇ ਸਟੀਵ ਸਮਿਥ 891 ਅੰਕਾਂ ਨਾਲ ਸਿਖਰਲੇ ਬੱਲੇਬਾਜ਼ ਬਣੇ ਹੋਏ ਹਨ ਜਦਕਿ ਨਿਊਜ਼ੀਲੈਂਡ ਦੇ ਕੇਨ ਵਿਲੀਅਮਸਨ (886) ਤੇ ਆਸਟ੍ਰੇਲੀਆ ਦੇ ਮਾਰਨਸ ਲਾਬੂਸ਼ਾਨੇ (878) ਉਨ੍ਹਾਂ ਤੋਂ ਬਾਅਦ ਦੂਜੇ ਤੇ ਤੀਜੇ ਸਥਾਨ 'ਤੇ ਹਨ। ਇੰਗਲੈਂਡ ਦੇ ਕਪਤਾਨ ਜੋ ਰੂਟ (797) ਪੰਜਵੇਂ ਨੰਬਰ 'ਤੇ ਹਨ ਜਿਸ ਤੋਂ ਬਾਅਦ ਰਿਸ਼ਭ ਪੰਤ ਤੇ ਰੋਹਿਤ ਸ਼ਰਮਾ 747 ਅੰਕ ਲੈ ਕੇ ਸਾਂਝੇ ਤੌਰ 'ਤੇ ਛੇਵੇਂ ਸਥਾਨ 'ਤੇ ਹਨ।