ਸਿਡਨੀ (ਜੇਐੱਨਐੱਨ) : ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਆਸਟ੍ਰੇਲੀਆ ਜ਼ਮੀਨ 'ਤੇ ਇਤਿਹਾਸਕ ਜਿੱਤ ਨੂੰ ਆਪਣੀ 'ਸਭ ਤੋਂ ਵੱਡੀ ਉਪਲੱਬਧੀ' ਕਰਾਰ ਦਿੱਤਾ। ਮਹਿੰਦਰ ਸਿੰਘ ਧੋਨੀ ਨੇ ਅੱਠ ਸਾਲ ਪਹਿਲਾਂ ਵਾਨਖੇੜੇ ਵਿਚ ਜਦ ਵਿਸ਼ਵ ਕੱਪ ਟਰਾਫੀ ਹੱਥ ਵਿਚ ਲਈ ਸੀ ਤਾਂ ਕੋਹਲੀ ਉਸ ਟੀਮ ਦੇ ਸਭ ਤੋਂ ਨੌਜਵਾਨ ਮੈਂਬਰ ਸਨ ਪਰ ਉਨ੍ਹਾਂ ਮੁਤਾਬਕ ਮੌਜੂਦਾ ਉਪਲੱਬਧੀ ਇਸ ਸੂਚੀ ਵਿਚ ਸਭ ਤੋਂ ਉੱਪਰ ਰਹੇਗੀ। ਕੋਹਲੀ ਨੇ ਮੈਚ ਤੋਂ ਬਾਅਦ ਕਿਹਾ ਕਿ ਇਹ ਮੇਰੀ ਹੁਣ ਤਕ ਦੀ ਸਭ ਤੋਂ ਵੱਡੀ ਉਪਲੱਬਧੀ ਹੈ। ਜਦ ਅਸੀਂ ਵਿਸ਼ਵ ਕੱਪ ਜਿੱਤਿਆ ਸੀ ਤਾਂ ਮੈਂ ਟੀਮ ਦਾ ਸਭ ਤੋਂ ਨੌਜਵਾਨ ਮੈਂਬਰ ਸੀ। ਮੈਂ ਦੇਖ ਰਿਹਾ ਸੀ ਕਿ ਹੋਰ ਖਿਡਾਰੀ ਭਾਵੁਕ ਹੋ ਰਹੇ ਸਨ। ਇਸ ਸੀਰੀਜ਼ ਵਿਚ ਜਿੱਤ ਨਾਲ ਸਾਨੂੰ ਇਕ ਟੀਮ ਦੇ ਰੂਪ ਵਿਚ ਵੱਖ ਪਛਾਣ ਮਿਲੇਗੀ। ਅਸੀਂ ਜੋ ਹਾਸਲ ਕੀਤਾ ਮੈਨੂੰ ਅਸਲ ਵਿਚ ਉਸ 'ਤੇ ਮਾਣ ਹੈ। ਜੇ ਤੁਸੀਂ ਮੈਨੂੰ ਪੁੱਛੋਗੇ ਕਿ ਮੇਰੇ ਲਈ ਕਿਹੜਾ ਸਮਾਂ ਭਾਵਨਾਤਮਕ ਹੈ ਤਾਂ ਮੈਂ ਇਸ ਦਾ ਜ਼ਿਕਰ ਕਰਾਂਗਾ। ਕਿਉਂਕਿ ਇਹ ਮੇਰਾ ਇੱਥੇ ਦਾ ਤੀਜਾ ਦੌਰਾ ਹੈ ਤੇ ਮੈਨੂੰ ਤਜਰਬਾ ਹੈ ਕਿ ਇੱਥੇ ਜਿੱਤਣਾ ਕਿੰਨਾ ਮੁਸ਼ਕਲ ਹੈ। ਉਨ੍ਹਾਂ ਨੇ ਕਿਹਾ ਕਿ ਇਤਿਹਾਸ ਮਾਅਨੇ ਰੱਖਦਾ ਹੈ। ਅਸੀਂ ਪਿਛਲੇ 12 ਮਹੀਨਿਆਂ ਵਿਚ ਜੋ ਸਖ਼ਤ ਮਿਹਨਤ ਕੀਤੀ ਉਸ ਦਾ ਨਤੀਜਾ ਹਾਸਲ ਕਰ ਕੇ ਬਹੁਤ ਖ਼ੁਸ਼ੀ ਮਿਲ ਰਹੀ ਹੈ।