ਨਵੀਂ ਦਿੱਲੀ (ਪੀਟੀਆਈ) : ਬੀਸੀਸੀਆਈ ਦੀ ਏਸੀਯੂ ਦੇ ਨਵੇਂ ਪ੍ਰਧਾਨ ਸ਼ਬੀਰ ਹੁਸੈਨ ਸ਼ੇਖਦਮ ਖੰਡਵਾਵਾਲਾ ਨਹੀਂ ਚਾਹੁੰਦੇ ਕਿ ਭਾਰਤ 'ਚ ਸੱਟੇਬਾਜ਼ੀ ਨੂੰ ਜਾਇਜ਼ ਕੀਤਾ ਜਾਵੇ ਕਿਉਂਕਿ ਇਸ ਨਾਲ ਮੈਚ ਫਿਕਸਿੰਗ ਨੂੰ ਬੜ੍ਹਾਵਾ ਮਿਲੇਗਾ ਤੇ ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਛੋਟੀ ਲੀਗ 'ਚੋਂ ਸੰਵੇਦਨਸ਼ੀਲ ਸਰਗਰਮੀਆਂ ਨੂੰ ਖ਼ਤਮ ਕਰਨਾ ਹੈ।

ਕੁਝ ਲੋਕਾਂ ਦਾ ਮੰਨਣਾ ਹੈ ਕਿ ਸੱਟੇਬਾਜ਼ੀ ਨੂੰ ਜਾਇਜ਼ ਕਰਨ ਨਾਲ ਸਰਕਾਰ ਨੂੰ ਕਾਫੀ ਮਾਲੀਆ ਮਿਲੇਗਾ ਪਰ 70 ਸਾਲਾ ਸਾਬਕਾ ਪੁਲਿਸ ਅਧਿਕਾਰੀ ਖੰਡਵਾਵਾਲਾ ਇਸ ਨੂੰ ਦੂਸਰੇ ਤਰੀਕੇ ਨਾਲ ਦੇਖਦੇ ਹਨ। ਖੰਡਵਾਵਾਲਾ ਨੇ ਕਿਹਾ, 'ਸਰਕਾਰ ਸੱਟੇਬਾਜ਼ੀ ਨੂੰ ਜਾਇਜ਼ ਕਰੇ ਜਾਂ ਨਾ ਕਰੇ, ਇਹ ਵੱਖਰਾ ਮਾਮਲਾ ਹੈ ਪਰ ਇਕ ਪੁਲਿਸ ਅਧਿਕਾਰੀ ਦੇ ਨਾਤੇ ਮੇਰਾ ਮੰਨਣਾ ਹੈ ਕਿ ਸੱਟੇਬਾਜ਼ੀ ਨਾਲ ਮੈਚ ਫਿਕਸਿੰਗ ਨੂੰ ਬੜ੍ਹਾਵਾ ਮਿਲੇਗਾ। ਸਰਕਾਰ ਨੇ ਹੁਣ ਤਕ ਸੱਟੇਬਾਜ਼ੀ ਨੂੰ ਜਾਇਜ਼ ਨਾ ਕਰ ਕੇ ਸਹੀ ਕੀਤਾ ਹੈ। ਸੱਟੇਬਾਜ਼ੀ ਮੈਚ ਫਿਕਸਿੰਗ ਨੂੰ ਉਤਸ਼ਾਹਿਤ ਕਰਦੀ ਹੈ। ਇਸ ਲਈ ਇਸ 'ਚ ਕੋਈ ਤਬਦੀਲੀ ਨਹੀਂ ਹੋਣੀ ਚਾਹੀਦੀ, ਅਸੀਂ ਨਿਯਮਾਂ ਨੂੰ ਹੋਰ ਸਖ਼ਤ ਬਣਾ ਸਕਦੇ ਹਾਂ। ਅਸੀਂ ਇਸ 'ਤੇ ਕੰਮ ਕਰਾਂਗੇ। ਇਹ ਕਾਫੀ ਮਾਣ ਵਾਲੀ ਗੱਲ ਹੈ ਕਿ ਜ਼ਿਆਦਾਤਰ ਕ੍ਰਿਕਟ ਭਿ੍ਸ਼ਟਾਚਾਰ ਤੋ ਮੁਕਤ ਹੈ। ਇਸ ਲਈ ਬੀਸੀਸੀਆਈ ਨੂੰ ਸਿਹਰਾ ਦਿੱਤਾ ਜਾਣਾ ਚਾਹੀਦਾ ਹੈ।'

ਹਾਲਾਂਕਿ ਬੀਸੀਸੀਆਈ ਏਸੀਯੂ ਦੇ ਸਾਬਕਾ ਪ੍ਰਧਾਨ ਅਜੀਤ ਸਿੰਘ ਮੁਤਾਬਕ ਸੱਟੇਬਾਜ਼ੀ ਨੂੰ ਜਾਇਜ਼ ਕਰਨਾ ਖੇਡ 'ਚ ਭਿ੍ਸ਼ਟਾਚਾਰ ਨੂੰ ਕੰਟਰੋਲ ਕਰਨ ਦਾ ਇਕ ਹੋਰ ਤਰੀਕਾ ਹੈ। ਕੇਂਦਰੀ ਮੰਤਰੀ ਤੇ ਬੀਸੀਸੀਆਈ ਦੇ ਸਾਬਕਾ ਪ੍ਰਧਾਨ ਅਨੁਰਾਗ ਠਾਕੁਰ ਨੇ ਵੀ ਪਿਛਲੇ ਸਾਲ ਖੇਡਾਂ 'ਚ ਸੱਟੇਬਾਜ਼ੀ ਨੂੰ ਜਾਇਜ਼ ਕਰਨ ਦਾ ਸੁਝਾਅ ਦਿੱਤਾ ਸੀ। ਗੁਜਰਾਤ ਦੇ ਸਾਬਕਾ ਡੀਜੀਪੀ ਖੰਡਵਾਵਾਲਾ ਦੀ ਇਸ ਮਾਮਲੇ 'ਚ ਸੋਚ ਵੱਖਰੀ ਹੈ। ਉਨ੍ਹਾਂ ਕਿਹਾ, 'ਸੱਟੇਬਾਜ਼ੀ ਭਾਵੇਂ ਕੁਝ ਦੇਸ਼ਾਂ 'ਚ ਜਾਇਜ਼ ਹੋਵੇ ਪਰ ਜੋ ਲੋਕ ਸਟੇਡੀਅਮ 'ਚ ਮੈਚ ਦੇਖਣ ਜਾਂਦੇ ਹਨ ਜਾਂ ਟੈਲੀਵਿਜ਼ਨ 'ਤੇ ਮੈਚ ਦੇਖਦੇ ਹਨ, ਉਹ ਇਸ ਖੇਡ 'ਚ ਭਰੋਸਾ ਰੱਖਦੇ ਹਨ ਤੇ ਇਹ ਸੋਚ ਕੇ ਮੈਦਾਨ 'ਤੇ ਨਹੀਂ ਜਾਂਦੇ ਕਿ ਮੈਚ ਫਿਕਸ ਹੈ। ਸਾਨੂੰ ਉਨ੍ਹਾਂ ਦੇ ਭਰੋਸੇ ਨੂੰ ਬਚਾਉਣਾ ਹੋਵੇਗਾ ਕਿ ਖੇਡ ਹਰ ਤਰ੍ਹਾਂ ਦੇ ਭਿ੍ਸ਼ਟਾਚਾਰ ਤੋਂ ਮੁਕਤ ਹੈ।'

ਉਚ ਪੱਧਰ 'ਤੇ ਖੇਡ ਮੁੱਖ ਤੌਰ 'ਤੇ ਪਾਕ ਸਾਫ ਹੈ ਪਰ ਸਥਾਨਕ ਤੇ ਸਟੇਟ ਟੀ-20 ਲੀਗ 'ਚ ਭਿ੍ਸ਼ਟਾਚਾਰ ਦੇ ਮਾਮਲੇ ਸਾਹਮਣੇ ਆਏ ਹਨ। ਸਭ ਤੋਂ ਛੋਟੇ ਫਾਰਮੇਟ ਦੇ ਵੱਧਣ ਕਾਰਨ ਖੰਡਵਾਵਾਲਾ ਨੇ ਕਿਹਾ ਕਿ ਇਨ੍ਹਾਂ ਲੀਗਜ਼ 'ਚ ਸ਼ੱਕੀ ਸਰਗਰਮੀਆਂ ਦੀ ਪਛਾਣ ਕਰਨਾ ਤੇ ਉਨ੍ਹਾਂ ਨੂੰ ਰੋਕਣਾ ਉਨ੍ਹਾਂ ਦੀ ਟੀਮ ਲਈ ਸਭ ਤੋਂ ਵੱਡੀ ਚੁਣੌਤੀ ਹੋਵੇਗੀ।