ਨਵੀਂ ਦਿੱਲੀ (ਪੀਟੀਆਈ) : ਬੀਸੀਸੀਆਈ ਨੂੰ ਇਸ ਸਾਲ ਸਯੁੰਕਤ ਅਰਬ ਅਮੀਰਾਤ (ਯੂਏਈ) 'ਚ ਆਈਪੀਐੱਲ ਕਰਵਾਉਣ ਬਾਰੇ ਕੇਂਦਰ ਸਰਕਾਰ ਤੋਂ ਰਸਮੀ ਮਨਜ਼ੂਰੀ ਮਿਲ ਗਈ ਹੈ। ਲੀਗ ਦੇ ਚੇਅਰਮੈਨ ਬਿ੍ਜੇਸ਼ ਪਟੇਲ ਨੇ ਇਹ ਜਾਣਕਾਰੀ ਦਿੱਤੀ। ਸਰਕਾਰ ਨੇ ਪਿਛਲੇ ਹਫ਼ਤੇ ਬੀਸੀਸੀਆਈ ਨੂੰ ਸਿਧਾਂਤਕ ਮਨਜ਼ੂਰੀ ਦੇ ਦਿੱਤੀ ਸੀ। ਇਸ ਟੂਰਨਾਮੈਂਟ ਲਈ ਜ਼ਿਆਦਾਤਰ ਟੀਮਾਂ 20 ਅਗਸਤ ਤੋਂ ਬਾਅਦ ਰਵਾਨਾ ਹੋਣਗੀਆਂ। ਉਨ੍ਹਾਂ ਨੂੰ ਰਵਾਨਗੀ ਤੋਂ ਪਹਿਲਾਂ 24 ਘੰਟੇ ਦੇ ਅੰਦਰ ਦੋ ਵਾਰ ਆਰਟੀ-ਪੀਸੀਆਰ ਟੈਸਟ (ਕੋਵਿਡ-19 ਟੈਸਟ) ਕਰਵਾਉਣੇ ਪੈਣਗੇ। ਚੇਨਈ ਸੁਪਰਕਿੰਗਸ ਦੀ ਟੀਮ 22 ਅਗਸਤ ਨੂੰ ਰਵਾਨਾ ਹੋਵੇਗੀ ਜਿਸ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਬੇਨਤੀ 'ਤੇ ਚੇਪਕ ਸਟੇਡੀਅਮ 'ਚ ਇਕ ਛੋਟਾ ਕੈਂਪ ਲਗਾਇਆ ਜਾਵੇਗਾ।