ਨਵੀਂ ਦਿੱਲੀ (ਪੀਟੀਆਈ) : ਆਈਪੀਐੱਲ ਨੂੰ ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਕਰਵਾਉਣ ਨੂੰ ਲੈ ਕੇ ਕੇਂਦਰ ਸਰਕਾਰ ਤੋਂ ਹਰੀ ਝੰਡੀ ਮਿਲ ਗਈ ਹੈ। ਬੀਸੀਸੀਆਈ ਨੇ ਦੱਸਿਆ ਕਿ ਕੇਂਦਰ ਸਰਕਾਰ ਯੂਏਈ ਵਿਚ ਟੂਰਨਾਮੈਂਟ ਕਰਵਾਉਣ ਨੂੰ ਲੈ ਕੇ ਰਾਜ਼ੀ ਹੈ। ਬੀਸੀਸੀਆਈ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਕ ਜਾਂ ਦੋ ਹਫ਼ਤੇ ਵਿਚ ਸਰਕਾਰ ਤੋਂ ਅਧਿਕਾਰਕ ਮਨਜ਼ੂਰੀ ਵੀ ਮਿਲ ਜਾਵੇਗੀ। ਸਾਰੀਆਂ ਫਰੈਂਚਾਈਜ਼ੀਆਂ ਨੇ ਆਪੋ-ਆਪਣੇ ਖਿਡਾਰੀਆਂ ਨੂੰ ਕੁਆਰੰਟਾਈਨ ਕਰਨਾ ਸ਼ੁਰੂ ਕਰ ਦਿੱਤਾ ਹੈ। ਕੋਰੋਨਾ ਵਿਚਾਲੇ ਇਸ ਵਾਰ ਆਈਪੀਐੱਲ 19 ਸਤੰਬਰ ਤੋਂ 10 ਨਵੰਬਰ ਤਕ ਯੂਏਈ ਵਿਚ ਬਾਇਓ-ਸਕਿਓਰ ਮਾਹੌਲ (ਮੌਜੂਦਾ ਦੌਰ ਵਿਚ ਖੇਡਾਂ ਲਈ ਬਣਾਏ ਗਏ ਨਿਯਮ ਦੇ ਤਹਿਤ ਸੁਰੱਖਿਅਤ ਮਾਹੌਲ) ਵਿਚ ਹੋਵੇਗਾ। ਬੋਰਡ ਪਹਿਲਾਂ ਹੀ ਸਾਰੀਆਂ ਫਰੈਂਚਾਈਜ਼ੀਆਂ ਨੂੰ 20 ਅਗਸਤ ਤੋਂ ਬਾਅਦ ਯੂਏਈ ਜਾਣ ਦੀ ਮਨਜ਼ੂਰੀ ਦੇ ਚੁੱਕਾ ਹੈ। ਸੂਤਰਾਂ ਮੁਤਾਬਕ ਯੂਏਈ ਵਿਚ ਆਈਪੀਐੱਲ ਕਰਵਾਉਣ ਨੂੰ ਲੈ ਕੇ ਖੇਡ ਮੰਤਰਾਲੇ ਤੋਂ ਪਹਿਲਾਂ ਹੀ ਮਨਜ਼ੂਰੀ ਮਿਲ ਚੁੱਕੀ ਹੈ। ਹੁਣ ਗ੍ਹਿ ਤੇ ਵਿਦੇਸ਼ ਮੰਤਰਾਲੇ ਤੋਂ ਮਨਜ਼ੂਰੀ ਮਿਲਣੀ ਬਾਕੀ ਹੈ।

ਲਿਖਤੀ ਹੁਕਮਾਂ 'ਚ ਲੱਗੇਗਾ ਸਮਾਂ :

ਅਧਿਕਾਰੀ ਨੇ ਕਿਹਾ ਕਿ ਬੀਸੀਸੀਆਈ ਨੂੰ ਸਰਕਾਰ ਦੀ ਸਿਧਾਂਤਕ ਮਨਜ਼ੂਰੀ ਮਿਲ ਚੁੱਕੀ ਹੈ। ਲਿਖਤੀ ਹੁਕਮ ਮਿਲਣ 'ਚ ਥੋੜ੍ਹਾ ਸਮਾਂ ਲੱਗੇਗਾ। ਇਹ ਵੀ ਚੰਗੀ ਗੱਲ ਹੈ ਕਿ ਫਰੈਂਚਾਈਜ਼ੀਆਂ ਨੇ ਖਿਡਾਰੀਆਂ ਨੂੰ ਕੁਆਰੰਟਾਈਨ ਤੇ ਉਨ੍ਹਾਂ ਦਾ ਕੋਰੋਨਾ ਟੈਸਟ ਕਰਵਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਯੂਏਈ ਜਾਣ ਤੋਂ ਪਹਿਲਾਂ ਖਿਡਾਰੀਆਂ ਤੇ ਸਟਾਫ ਦਾ ਘੱਟੋ-ਘੱਟ ਪੰਜ ਵਾਰ ਕੋਰੋਨਾ ਟੈਸਟ ਹੋਣਾ ਜ਼ਰੂਰੀ ਹੋਵੇਗਾ।

ਸੀਐੱਸਕੇ 22 ਅਗਸਤ ਨੂੰ ਹੋਵੇਗੀ ਰਵਾਨਾ

ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਟੀਮ ਚੇਨਈ ਸੁਪਰ ਕਿੰਗਜ਼ (ਸੀਐੱਸਕੇ) ਨੇ 22 ਅਗਸਤ ਨੂੰ ਯੂਏਈ ਜਾਣਾ ਤੈਅ ਕੀਤਾ ਹੈ। ਉਥੇ ਮੁੰਬਈ ਇੰਡੀਅਨਜ਼ ਨੇ ਆਪਣੇ ਖਿਡਾਰੀਆਂ ਨੂੰ ਇਕ ਹਫ਼ਤੇ ਅੰਦਰ ਟੀਮ ਨਾਲ ਜੁੜਨ ਦਾ ਹੁਕਮ ਦਿੱਤਾ ਹੈ। ਬੋਰਡ ਨੇ ਇਸ ਵਾਰ ਟੀਮ ਦੇ ਨਾਲ 25 ਦੀ ਬਜਾਏ 24 ਖਿਡਾਰੀ ਹੀ ਨਾਲ ਲਿਜਾਣ ਦੀ ਮਨਜ਼ੂਰੀ ਦਿੱਤੀ ਹੈ।

ਵਿਦੇਸ਼ ਜਾਣ ਤੋਂ ਪਹਿਲਾਂ ਖਿਡਾਰੀਆਂ ਦੇ ਹੋਣਗੇ ਪੰਜ ਟੈਸਟ :

ਯੂਏਈ ਜਾਣ ਤੋਂ ਪਹਿਲਾਂ ਹਰ ਇਕ ਭਾਰਤੀ ਖਿਡਾਰੀ ਤੇ ਸਟਾਫ ਦਾ ਪੰਜ ਵਾਰ ਕੋਰੋਨਾ ਟੈਸਟ ਹੋਵੇਗਾ। ਸਾਰੇ ਖਿਡਾਰੀ ਦੋ ਟੈਸਟ ਆਪਣੇ ਸ਼ਹਿਰ ਵਿਚ ਕਰਵਾਉਣਗੇ। ਨੈਗੇਟਿਵ ਰਿਪੋਰਟ ਤੋਂ ਬਾਅਦ ਟੀਮ ਨਾਲ ਜੁੜਨਗੇ। ਇੱਥੇ 14 ਦਿਨ ਕੁਆਰੰਟਾਈਨ ਦੌਰਾਨ ਤਿੰਨ ਟੈਸਟ ਹੋਣਗੇ। ਵਿਦੇਸ਼ੀ ਖਿਡਾਰੀਆਂ ਨੂੰ ਵੀ ਯੂਏਈ ਜਾਣ ਤੋਂ ਪਹਿਲਾਂ 14 ਦਿਨ ਕੁਆਰੰਟਾਈਨ ਵਿਚ ਰਹਿਣਾ ਪਵੇਗਾ। ਨਾਲ ਹੀ ਦੋ ਨੈਗੇਟਿਵ ਰਿਪੋਰਟਾਂ ਤੋਂ ਬਾਅਦ ਹੀ ਉਹ ਯੂਏਈ ਲਈ ਰਵਾਨਾ ਹੋ ਸਕਣਗੇ।

ਪਰਿਵਾਰ ਨਾਲ ਲਿਜਾਣ ਦੀ ਮਨਜ਼ੂਰੀ ਫਰੈਂਚਾਈਜ਼ੀ ਦੇਵੇਗੀ :

ਖਿਡਾਰੀ ਆਪਣੇ ਨਾਲ ਪਰਿਵਾਰ ਨੂੰ ਲੈ ਕੇ ਜਾ ਸਕਦੇ ਹਨ ਜਾਂ ਨਹੀਂ, ਇਹ ਫ਼ੈਸਲਾ ਫਰੈਂਚਾਈਜ਼ੀ ਹੀ ਕਰ ਸਕਦੀ ਹੈ। ਜੇ ਪਰਿਵਾਰ ਨਾਲ ਜਾਂਦਾ ਹੈ ਤਾਂ ਉਨ੍ਹਾਂ ਨੂੰ ਵੀ ਸਖ਼ਤ ਪ੍ਰੋਟੋਕਾਲ ਦਾ ਪਾਲਣ ਕਰਨਾ ਪਵੇਗਾ। ਪਰਿਵਾਰਾਂ ਨੂੰ ਵੀ ਬਾਇਓ ਸਕਿਓ ਮਾਹੌਲ ਦੇ ਬਾਹਰ ਕਿਸੇ ਨੂੰ ਮਿਲਣ ਦੀ ਇਜਾਜ਼ਤ ਨਹੀਂ ਹੋਵੇਗੀ। ਨਾਲ ਹੀ ਹੋਰ ਖਿਡਾਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਗੱਲਬਾਤ ਦੌਰਾਨ ਮਾਸਕ ਲਾਉਣਾ ਪਵੇਗਾ ਤੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨਾ ਪਵੇਗਾ। ਅਧਿਕਾਰੀ ਨੇ ਨਾਲ ਹੀ ਕਿਹਾ ਕਿ ਅਜਿਹੀ ਬਹੁਤ ਘੱਟ ਉਮੀਦ ਹੈ ਕਿ ਯੂਏਈ ਵਿਚ ਖਿਡਾਰੀਆਂ ਦਾ ਕੁਆਰੰਟਾਈਨ ਸਮਾਂ ਘੱਟ ਕੀਤਾ ਜਾਵੇ। ਉਥੇ ਦੂਜੇ ਪਾਸੇ ਖਿਡਾਰੀ ਤੇ ਸਹਿਯੋਗੀ ਸਟਾਫ ਵੀ ਪਰਿਵਾਰ ਨੂੰ ਯੂਏਈ ਲਿਜਾਣ ਦੇ ਪੱਖ ਵਿਚ ਨਹੀਂ ਹਨ। ਇਕ ਸੀਨੀਅਰ ਖਿਡਾਰੀ ਨੇ ਕਿਹਾ ਕਿ ਮੇਰੀ ਪੰਜ ਸਾਲ ਦੀ ਧੀ ਹੈ ਤੇ ਮੈਂ ਅਜਿਹੇ ਹਾਲਾਤ ਵਿਚ ਪਰਿਵਾਰ ਨੂੰ ਨਾਲ ਨਹੀਂ ਲਿਜਾਣਾ ਚਾਹੁੰਦਾ ਹਾਂ।