ਨਵੀਂ ਦਿੱਲੀ (ਆਈਏਐੱਨਐੱਸ) : ਇੰਡੀਅਨ ਕ੍ਰਿਕਟਰਸ ਐਸੋਸੀਏਸ਼ਨ (ਆਈਸੀਏ) ਦੇ ਮੁਖੀ ਅਸ਼ੋਕ ਮਲਹੋਤਰਾ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਭਵਿੱਖ ਦੇ ਪ੍ਰਧਾਨ ਸੌਰਵ ਗਾਂਗੁਲੀ ਤੇ ਸੁਨੀਲ ਗਾਵਸਕਰ ਨੂੰ ਆਈਸੀਏ ਦਾ ਹਿੱਸਾ ਬਣਾਉਣਾ ਚਾਹੁੰਦੇ ਹਨ। ਇਕ ਸੂਤਰ ਨੇ ਪੁਸ਼ਟੀ ਕੀਤੀ ਹੈ ਕਿ ਮਲਹੋਤਰਾ ਨਾ ਸਿਰਫ਼ ਗਾਂਗੁਲੀ ਤੇ ਗਾਵਸਕਰ ਨੂੰ ਆਈਸੀਏ ਦੀ ਆਨਰੇਰੀ ਮੈਂਬਰਸ਼ਿਪ ਦੇਣਾ ਚਾਹੁੰਦੇ ਹਨ ਬਲਕਿ ਸਾਬਕਾ ਖਿਡਾਰੀਆਂ ਦੀ ਪੈਨਸ਼ਨ 'ਤੇ ਵੀ ਦੁਬਾਰਾ ਕੰਮ ਕਰਨਾ ਚਾਹੁੰਦੇ ਹਨ। ਗਾਂਗੁਲੀ ਤੇ ਗਾਵਸਕਰ ਨੂੰ ਮੈਂਬਰਸ਼ਿਪ ਦੇਣ ਦੇ ਮਾਮਲੇ ਵਿਚ ਮਲਹੋਤਰਾ ਨੇ ਕਿਹਾ ਕਿ ਅਸੀਂ ਗਾਵਸਕਰ ਤੇ ਗਾਂਗੁਲੀ ਦੋਵਾਂ ਨੂੰ ਆਈਸੀਏ ਦਾ ਹਿੱਸਾ ਬਣਨ ਲਈ ਸੱਦਾ ਦੇਵਾਂਗੇ। ਖੇਡ ਦੇ ਦਿੱਗਜਾਂ ਦੇ ਬਿਨਾਂ ਤੁਸੀਂ ਕ੍ਰਿਕਟਰਸ ਐਸੋਸੀਏਸ਼ਨ ਕਿਵੇਂ ਹੋ ਸਕਦੇ ਹੋ? ਹੁਣ ਜਦ ਗਾਂਗੁਲੀ ਅਗਲੇ ਬੀਸੀਸੀਆਈ ਪ੍ਰਧਾਨ ਹਨ ਤਾਂ ਅਸੀਂ ਚਾਹੁੰਦੇ ਹਾਂ ਕਿ ਉਨ੍ਹਾਂ ਦੀ ਮੌਜੂਦਗੀ ਹੋਵੇ। ਪਰ ਹਾਂ, ਅਸੀਂ ਹਿਤਾਂ ਦੇ ਟਕਰਾਅ ਦੇ ਮੁੱਦੇ ਤੋਂ ਬਚਣ ਲਈ ਉਨ੍ਹਾਂ ਨੂੰ ਆਨਰੇਰੀ ਮੈਂਬਰਸ਼ਿਪ ਸੌਂਪਣਾ ਚਾਹਾਂਗੇ। ਆਈਸੀਏ ਦੇ ਲਗਭਗ 1500 ਮੈਂਬਰ ਹਨ। ਮਲਹੋਤਰਾ ਬਿਨਾਂ ਵਿਰੋਧ ਚੁਣੇ ਗਏ, ਪਰ ਬੀਸੀਸੀਆਈ ਦੀ ਸਰਬੋਤਮ ਕੌਂਸਲ ਵਿਚ ਮਰਦ ਆਈਸੀਏ ਨੁਮਾਇੰਦੇ ਦੇ ਰੂਪ ਵਿਚ ਚੁਣੇ ਜਾਣ ਲਈ ਅੰਸ਼ੁਮਨ ਗਾਇਕਵਾੜ ਨੇ ਕੀਰਤੀ ਆਜ਼ਾਦ ਤੇ ਰਾਕੇਸ਼ ਧੁਰਵੇ ਨੂੰ ਹਰਾਇਆ। ਸ਼ਾਂਤਾ ਰੰਗਾਸਵਾਮੀ ਇੱਕੋ ਇਕ ਮਹਿਲਾ ਉਮੀਦਵਾਰ ਸੀ ਤੇ ਆਪਣੇ ਆਪ ਚੁਣੀ ਗਈ। ਹਿਤੇਸ਼ ਮਜੂਮਦਾਰ ਨੂੰ ਸਕੱਤਰ ਚੁਣਿਆ ਗਿਆ ਤੇ ਵੀ. ਕ੍ਰਿਸ਼ਣਾਮੂਰਤੀ ਨੂੰ ਖ਼ਜ਼ਾਨਚੀ ਨਿਯੁਕਤ ਕੀਤਾ ਗਿਆ।

ਸੰਨਿਆਸ ਲੈ ਚੁੱਕੇ ਕ੍ਰਿਕਟਰ ਹੀ ਬਣ ਸਕਦੇ ਹਨ ਇਸ ਦਾ ਹਿੱਸਾ :

ਇਹ ਪਹਿਲੀ ਵਾਰ ਹੈ ਕਿ ਬੀਸੀਸੀਆਈ ਨੇ ਇਕ ਖਿਡਾਰੀ ਸੰਘ ਨੂੰ ਮਾਨਤਾ ਦਿੱਤੀ ਹੈ। ਲੋਢਾ ਪੈਨਲ ਨੇ ਆਪਣੇ ਪ੍ਰਸਤਾਵਾਂ ਵਿਚ ਇਸ ਦੀ ਜ਼ੋਰਦਾਰ ਸਿਫ਼ਾਰਸ਼ ਕੀਤੀ ਸੀ। ਆਈਸੀਏ ਦਾ ਫੈਡਰੇਸ਼ਨ ਆਫ ਇੰਟਰਨੈਸ਼ਨਲ ਕ੍ਰਿਕਟਰਸ ਐਸੋਸੀਏਸ਼ਨ (ਐੱਫਆਈਸੀਏ) ਨਾਲ ਕੋਈ ਸਬੰਧ ਨਹੀਂ ਹੈ ਤੇ ਸਿਰਫ਼ ਸੰਨਿਆਸ ਲੈ ਚੁੱਕੇ ਭਾਰਤੀ ਕ੍ਰਿਕਟਰਾਂ ਨੂੰ ਹੀ ਆਈਸੀਏ ਦਾ ਹਿੱਸਾ ਬਣਨ ਦੀ ਇਜਾਜ਼ਤ ਹੈ। ਪੈਨਸ਼ਨ 'ਤੇ ਮਲਹੋਤਰਾ ਨੇ ਕਿਹਾ ਕਿ ਉਹ ਇਹ ਯਕੀਨੀ ਬਣਾਉਣਾ ਚਾਹੁੰਦੇ ਹਨ ਕਿ ਪਹਿਲਾ ਦਰਜਾ ਖੇਡ ਤੁੱਕੇ ਸਾਬਕਾ ਖਿਡਾਰੀ ਵੀ ਪੈਨਸ਼ਨ ਹਾਸਲ ਕਰਨ ਦੇ ਯੋਗ ਹੋਣ।