ਨਵੀਂ ਦਿੱਲੀ (ਜੇਐੱਨਐੱਨ) : ਕੋਰੋਨਾ ਖ਼ਿਲਾਫ਼ ਭਾਰਤੀ ਖਿਡਾਰੀਆਂ ਗੌਤਮ ਗੰਭੀਰ, ਬਜਰੰਗ ਪੂਨੀਆ ਤੇ ਇਰਫਾਨ-ਯੂਸਫ ਪਠਾਨ ਨੇ ਮਦਦ ਕਰਨ ਦਾ ਐਲਾਨ ਕੀਤਾ ਹੈ। ਸਾਬਕਾ ਕ੍ਰਿਕਟਰ ਤੇ ਸੰਸਦ ਮੈਂਬਰ ਗੌਤਮ ਗੰਭੀਰ ਨੇ ਆਪਣੇ ਐੱਮਪੀ ਫੰਡ 'ਚੋਂ ਦਿੱਲੀ ਸਰਕਾਰ ਨੂੰ 50 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਗੰਭੀਰ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੱਤਰ ਲਿਖਿਆ ਹੈ। ਇਸ ਵਿਚ ਉਨ੍ਹਾਂ ਨੇ ਲਿਖਿਆ ਹੈ ਕਿ ਦਿੱਲੀ ਸਰਕਾਰ ਦੇ ਹਸਪਤਾਲਾਂ ਵਿਚ ਕੋਰੋਨਾ ਵਾਇਰਸ ਦੇ ਇਲਾਜ ਲਈ ਜ਼ਰੂਰੀ ਮਸ਼ੀਨਰੀ ਲਈ ਆਪਣੇ ਐੱਮਪੀ ਫੰਡ 'ਚੋਂ 50 ਲੱਖ ਰੁਪਏ ਦੇਵਾਂਗਾ। ਕੋਰੋਨਾ ਦੇ ਇਲਾਜ ਤੇ ਮਸ਼ੀਨਰੀ ਵਿਚ ਕੋਈ ਕਮੀ ਨਹੀਂ ਹੋਣੀ ਚਾਹੀਦੀ। ਘਰ ਦੇ ਅੰਦਰ ਰਹੋ, ਸਾਵਧਾਨੀ ਤੇ ਸਫ਼ਾਈ ਰੱਖੋ ਤੇ ਸਰਕਾਰ ਦਾ ਸਾਥ ਦਿਓ। ਇਸ ਤੋਂ ਪਹਿਲਾਂ ਗੌਤਮ ਗੰਭੀਰ ਨੇ ਸੋਮਵਾਰ ਨੂੰ ਕੋਰੋਨਾ ਵਾਇਰਸ ਦੇ ਵਧਦੇ ਖ਼ਤਰੇ ਨੂੰ ਰੋਕਣ ਲਈ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦਾ ਉਲੰਘਣ ਕਰਨ ਵਾਲਿਆਂ ਨੂੰ ਚਿਤਾਵਨੀ ਵੀ ਦਿੱਤੀ ਸੀ।

ਬਜਰੰਗ ਤੇ ਪਠਾਨ ਭਰਾ ਵੀ ਆਏ ਅੱਗੇ :

ਓਧਰ ਬਜਰੰਗ ਪੂਨੀਆ ਨੇ ਹਰਿਆਣਾ ਕੋਰੋਨੋਾ ਰਿਲੀਫ ਫੰਡ 'ਚ ਛੇ ਮਹੀਨੇ ਦੀ ਤਨਖ਼ਾਹ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਦੀ ਜਾਣਕਾਰੀ ਖ਼ੁਦ ਬਜਰੰਗ ਨੇ ਦਿੱਤੀ। ਆਪਣੇ ਟਵਿੱਟਰ ਹੈਂਡਲ 'ਤੇ ਪੂਨੀਆ ਨੇ ਲਿਖਿਆ ਕਿ ਮੈਂ ਬਜਰੰਗ ਪੂਨੀਆ ਆਪਣੇ ਛੇ ਮਹੀਨੇ ਦੀ ਤਨਖ਼ਾਹ ਹਰਿਆਣਾ ਕੋਰੋਨਾ ਰਿਲੀਫ ਫੰਡ 'ਚ ਸਹਿਯੋਗ ਲਈ ਸਮਰਪਤ ਕਰਦਾ ਹਾਂ ਉਥੇ ਇਰਫਾਨ ਪਠਾਨ ਤੇ ਉਨ੍ਹਾਂ ਦੇ ਭਰਾ ਯੂਸਫ਼ ਨੇ 4000 ਮਾਸਕ ਦਾਨ ਕੀਤੇ ਹਨ। ਇਰਫਾਨ ਨੇ ਟਵੀਟ ਕੀਤਾ ਕਿ ਸਮਾਜ ਲਈ ਅਸੀਂ ਆਪਣਾ ਕੁਝ ਯੋਗਦਾਨ ਦੇ ਰਹੇ ਹਾਂ।

Posted By: Rajnish Kaur