ਨਵੀਂ ਦਿੱਲੀ (ਪੀਟੀਆਈ) : ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਦਾ ਮੰਨਣਾ ਹੈ ਕਿ ਕਾਮਯਾਬ ਟੀ-20 ਬੱਲੇਬਾਜ਼ੀ ਕੋਚ ਬਣਨ ਲਈ ਅੰਤਰਰਾਸ਼ਟਰੀ ਕ੍ਰਿਕਟ ਦਾ ਤਜਰਬਾ ਜ਼ਰੂਰੀ ਨਹੀਂ ਹੈ ਕਿਉਂਕਿ ਅਜਿਹੇ ਕੋਚ ਦਾ ਕੰਮ ਖਿਡਾਰੀਆਂ ਨੂੰ ਸਕਾਰਾਤਮਕ ਮਾਨਸਿਕਤਾ ਦੇ ਨਾਲ ਖੇਡਣ ਵਿਚ ਮਦਦ ਕਰਨਾ ਹੈ। ਕ੍ਰਿਕਟ ਤੋਂ ਸਿਆਸਤ ਵਿਚ ਆਏ ਗੰਭੀਰ ਨੇ ਕਿਹਾ ਕਿ ਟੀ-20 ਕ੍ਰਿਕਟ ਲਈ ਵੱਖ ਬੱਲੇਬਾਜ਼ੀ ਕੋਚ ਦੀ ਲੋੜ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਇਕ ਵਿਸ਼ੇਸ਼ ਫਾਰਮੈਟ ਲਈ ਵੱਖ ਟੀ-20 ਬੱਲੇਬਾਜ਼ੀ ਕੋਚ ਰੱਖ ਸਕਦੇ ਹਾਂ ਪਰ ਇਹ ਸਹੀ ਨਹੀਂ ਹੈ ਕਿ ਅੰਤਰਰਾਸ਼ਟਰੀ ਕ੍ਰਿਕਟ ਨਾ ਖੇਡੇ ਜਾਂ ਜ਼ਿਆਦਾ ਕ੍ਰਿਕਟ ਨਾ ਖੇਡੇ ਵਿਅਕਤੀ ਕਾਮਯਾਬ ਟੀ-20 ਬੱਲੇਬਾਜ਼ੀ ਕੋਚ ਨਹੀਂ ਬਣ ਸਕਦੇ। ਉਨ੍ਹਾਂ ਨੇ ਕਿਹਾ ਕਿ ਟੀ-20 ਫਾਰਮੈਟ ਵਿਚ ਇਕ ਕੋਚ ਦਾ ਕੰਮ ਤੁਹਾਨੂੰ ਸਕਾਰਾਤਮਕ ਮਾਨਸਿਕਤਾ ਦੇਣਾ ਹੈ ਤਾਂਕਿ ਤੁਸੀਂ ਸੁਭਾਵਿਕ ਖੇਡ ਦਿਖਾ ਸਕੋ। ਉਨ੍ਹਾਂ ਨੇ ਕਿਹਾ ਉਹ ਤੁਹਾਨੂੰ ਇਹ ਨਹੀਂ ਸਿਖਾਏਗਾ ਕਿ ਲੈਪ ਸ਼ਾਟ ਕਿਵੇਂ ਖੇਡਣਾ ਹੈ ਜਾਂ ਰਿਵਰਸ ਲੈਪ ਕਿਵੇਂ ਲਾਉਣਾ ਹੈ। ਦੁਨੀਆ ਦਾ ਕੋਈ ਕੋਚ ਇਹ ਨਹੀਂ ਕਰ ਸਕਦਾ।

ਚੋਣਕਾਰ ਬਣਨ ਲਈ ਵੱਧ ਤਜਰਬਾ ਜ਼ਰੂਰੀ :

ਗੌਤਮ ਗੰਭੀਰ ਨੇ ਹਾਲਾਂਕਿ ਇਹ ਕਿਹਾ ਕਿ ਕਾਮਯਾਬ ਖਿਡਾਰੀ ਹੋਣ ਨਾਲ ਬਿਹਤਰ ਚੋਣਕਾਰ ਬਣਨ ਵਿਚ ਮਦਦ ਮਿਲਦੀ ਹੈ। ਉਨ੍ਹਾਂ ਨੇ ਕਿਹਾ ਕਿ ਕਾਮਯਾਬ ਕੋਚ ਬਣਨ ਲਈ ਬਹੁਤ ਕ੍ਰਿਕਟ ਖੇਡਿਆ ਹੋਣਾ ਜ਼ਰੂਰੀ ਹੈ ਪਰ ਚੋਣਕਾਰ ਬਣਨ ਲਈ ਇਹ ਜ਼ਰੂਰੀ ਹੈ।