ਨਵੀਂ ਦਿੱਲੀ (ਜੇਐੱਨਐੱਨ) : ਐੱਮਐੱਸਕੇ ਪ੍ਰਸਾਦ ਦੀ ਅਗਵਾਈ ਵਾਲੀ ਚੋਣ ਕਮੇਟੀ ਐਤਵਾਰ ਨੂੰ ਵੈਸਟਇੰਡੀਜ਼ ਦੌਰੇ ਲਈ ਟੀਮ ਦੀ ਚੋਣ ਕਰੇਗੀ। ਇਸ ਕਾਰਨ ਪ੍ਰਸਾਦ ਨੂੰ ਧੋਨੀ ਨਾਲ ਸਪੱਸ਼ਟ ਗੱਲ ਕਰਦੇ ਹੋਏ ਅਗਲੀਆਂ ਚੀਜ਼ਾਂ ਸਪੱਸ਼ਟ ਕਰ ਲੈਣੀਆਂ ਚਾਹੀਦੀਆਂ ਹਨ। ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੇ ਵੀ ਕਿਹਾ ਹੈ ਕਿ ਧੋਨੀ ਨੇ ਜਿਸ ਤਰ੍ਹਾਂ ਨੌਜਵਾਨ ਖਿਡਾਰੀਆਂ ਦੀ ਮੰਗ ਕਰ ਕੇ ਬਤੌਰ ਕਪਤਾਨ ਭਵਿੱਖ ਵਿਚ ਨਿਵੇਸ਼ ਕੀਤਾ ਉਸੇ ਤਰ੍ਹਾਂ ਉਨ੍ਹਾਂ ਦਾ ਬਾਰੇ ਵਿਹਾਰਕ ਫ਼ੈਸਲੇ ਲੈਣ ਦੀ ਲੋੜ ਹੈ ਕਿਉਂਕਿ ਨੌਜਵਾਨ ਖਿਡਾਰੀ ਉਡੀਕ ਵਿਚ ਖੜ੍ਹੇ ਹਨ। ਖੱਬੇ ਹੱਥ ਦੇ ਬੱਲੇਬਾਜ਼ ਗੰਭੀਰ ਨੇ ਕਿਹਾ ਕਿ ਭਵਿੱਖ ਬਾਰੇ ਸੋਚਣਾ ਜ਼ਰੂਰੀ ਹੈ। ਧੋਨੀ ਜਦ ਕਪਤਾਨ ਸਨ ਤਦ ਉਨ੍ਹਾਂ ਨੇ ਭਵਿੱਖ ਵਿਚ ਨਿਵੇਸ਼ ਕੀਤਾ। ਮੈਨੂੰ ਯਾਦ ਹੈ ਕਿ ਧੋਨੀ ਨੇ ਆਸਟ੍ਰੇਲੀਆ ਵਿਚ ਕਿਹਾ ਸੀ ਕਿ ਮੈਂ, ਸਚਿਨ ਤੇ ਸਹਿਵਾਗ ਤਿੰਨੇ ਸੀਬੀ ਸੀਰੀਜ਼ ਨਹੀਂ ਖੇਡ ਸਕਦੇ ਕਿਉਂਕਿ ਮੈਦਾਨ ਵੱਡੇ ਹਨ। ਉਨ੍ਹਾਂ ਨੇ ਵਿਸ਼ਵ ਕੱਪ ਲਈ ਨੌਜਵਾਨ ਖਿਡਾਰੀ ਮੰਗੇ ਸਨ। ਜਜ਼ਬਾਤੀ ਹੋਣ ਦੀ ਬਜਾਏ ਵਿਹਾਰ ਫ਼ੈਸਲੇ ਲੈਣਾ ਜ਼ਰੂਰੀ ਹੈ। ਨੌਜਵਾਨਾਂ ਨੂੰ ਮੌਕਾ ਦੇਣ ਦੀ ਲੋੜ ਹੈ। ਚਾਹੇ ਉਹ ਰਿਸ਼ਭ ਪੰਤ ਹੋਣ, ਸੰਜੂ ਸੈਮਸਨ, ਇਮਸ਼ਾਨ ਕਿਸ਼ਨ ਜਾਂ ਕੋਈ ਹੋਰ ਵਿਕਟਕੀਪਰ। ਜਿਸ ਵਿਚ ਵੀ ਯੋਗਤਾ ਦਿਖਾਈ ਦੇਵੇ, ਉਸਨੂੰ ਵਿਕਟਕੀਪਰ ਬਣਾਇਆ ਜਾਣਾ ਚਾਹੀਦਾ ਹੈ। ਗੰਭੀਰ ਨੇ ਕਿਹਾ ਕਿ ਨੌਜਵਾਨਾਂ ਨੂੰ ਜਦ ਤਕ ਵਾਜਬ ਮੌਕੇ ਨਹੀਂ ਮਿਲਣਗੇ ਉਹ ਭਾਰਤ ਲਈ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਣਗੇ। ਉਨ੍ਹਾਂ ਨੇ ਕਿਹਾ ਕਿ ੳਨੁ੍ਹਾਂ ਨੂੰ ਡੇਢ ਸਾਲ ਮੌਕਾ ਦਿਓ ਤੇ ਜੇ ਉਹ ਚੰਗਾ ਪ੍ਰਦਰਸ਼ਨ ਨਹੀਂ ਕਰ ਪਾਂਦੇ ਤਾਂ ਕਿਸੇ ਹੋਰ ਨੂੰ ਅਜ਼ਮਾਇਆ ਜਾਵੇ। ਇਸ ਤੋਂ ਪਤਾ ਲੱਗ ਜਾਵੇਗਾ ਕਿ ਅਗਲੇ ਵਿਸ਼ਵ ਕੱਪ ਵਿਚ ਵਿਕਟਕੀਪਰ ਕੌਣ ਹੋਵੇਗਾ। ਅੰਕੜਿਆਂ ਨੂੰ ਦੇਖੀਏ ਤਾਂ ਧੋਨੀ ਸਰਬੋਤਮ ਕਪਤਾਨ ਹਨ ਪਰ ਇਸ ਦਾ ਇਹ ਮਤਲਬ ਨਹੀਂ ਕਿ ਦੂਜੇ ਕਪਤਾਨ ਘੱਟ ਸਨ। ਸੌਰਵ ਗਾਂਗੁਲੀ ਚੰਗੇ ਕਪਤਾਨ ਸਨ। ਅਸੀਂ ਵਿਦੇਸ਼ ਵਿਚ ਉਨ੍ਹਾਂ ਦੀ ਕਪਤਾਨੀ ਵਿਚ ਜਿੱਤੇ। ਵਿਰਾਟ ਕੋਹਲੀ ਦੀ ਕਪਤਾਨੀ ਵਿਚ ਅਸੀਂ ਦੱਖਣੀ ਅਫਰੀਕਾ ਵਿਚ ਵਨ ਡੇ ਤੇ ਆਸਟ੍ਰੇਲੀਆ ਵਿਚ ਟੈਸਟ ਸੀਰੀਜ਼ ਜਿੱਤੀ।