ਲਾਹੌਰ (ਆਈਏਐੱਨਐੱਸ) : ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਪ੍ਰਧਾਨ ਸੌਰਵ ਗਾਂਗੁਲੀ ਤੋਂ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਨੂੰ ਬਹੁਤ ਉਮੀਦ ਹੈ। ਸਾਬਕਾ ਕਪਤਾਨ ਰਾਸ਼ਿਦ ਲਤੀਫ਼ ਨੇ ਕਿਹਾ ਹੈ ਕਿ ਭਾਰਤ ਨਾਲ ਪਾਕਿਸਤਾਨ ਦੀ ਕ੍ਰਿਕਟ ਸੀਰੀਜ਼ ਨੂੰ ਸ਼ੁਰੂ ਕਰਵਾਉਣ ਵਿਚ ਸੌਰਵ ਗਾਂਗੁਲੀ ਅਹਿਮ ਭੂਮਿਕਾ ਨਿਭਾਅ ਸਕਦੇ ਹਨ। ਪਾਕਿਸਤਾਨ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਲਤੀਫ਼ ਨੇ ਕਿਹਾ ਹੈ ਕਿ ਉਹ ਗਾਂਗੁਲੀ ਹੀ ਸਨ ਜਿਨ੍ਹਾਂ ਦੀ ਕਪਤਾਨੀ ਵਿਚ ਭਾਰਤ ਨੇ ਸਾਲ 2004 ਵਿਚ ਪਾਕਿਸਤਾਨ ਦਾ ਦੌਰਾ ਕੀਤਾ ਸੀ। ਇਸ ਦੌਰੇ ਵਿਚ ਉਨ੍ਹਾਂ ਦੀ ਬਹੁਤ ਅਹਿਮ ਭੂਮਿਕਾ ਰਹੀ ਸੀ। ਟੀਮ ਇੰਡੀਆ ਪਾਕਿਸਤਾਨ ਦਾ ਦੌਰਾ ਕਰਨ ਦੀ ਇੱਛਕ ਨਹੀਂ ਸੀ ਪਰ ਗਾਂਗੁਲੀ ਦੀ ਪਹਿਲ ਕਾਰਨ ਇਹ ਸੰਭਵ ਹੋ ਸਕਿਆ ਸੀ। ਲਤੀਫ਼ ਨੇ ਦ ਨੇਸ਼ਨ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਕ ਕ੍ਰਿਕਟਰ ਤੇ ਬੀਸੀਸੀਆਈ ਦੇ ਪ੍ਰਧਾਨ ਹੋਣ ਵਜੋਂ ਗਾਂਗੁਲੀ ਪੀਸੀਬੀ ਤੇ (ਅਹਿਸਾਨ) ਮਨੀ ਦੀ ਮਦਦ ਕਰ ਸਕਦੇ ਹਨ ਕਿਉਂਕਿ ਜਦ ਤਕ ਪਾਕਿਸਤਾਨ ਤੇ ਭਾਰਤ ਵਿਚਾਲੇ ਇਕ ਪੂਰੀ ਦੁਵੱਲੀ ਸੀਰੀਜ਼ ਨਹੀਂ ਸ਼ੁਰੂ ਹੋ ਜਾਂਦੀ ਤਦ ਤਕ ਦੋਵਾਂ ਦੇਸ਼ਾਂ ਵਿਚਾਲੇ ਚੀਜ਼ਾਂ ਬਿਹਤਰ ਨਹੀਂ ਹੋ ਸਕਣਗੀਆਂ। ਦੁਨੀਆ ਭਾਰਤ ਤੇ ਪਾਕਿਸਤਾਨ ਨੂੰ ਆਪਸ ਵਿਚ ਖੇਡਦੇ ਦੇਖਣਾ ਚਾਹੁੰਦੀ ਹੈ। ਪਾਕਿਸਤਾਨ ਵਿਚ ਦੁਨੀਆ ਦੀਆਂ ਬਿਹਤਰੀਨ ਟੀਮਾਂ ਆ ਕੇ ਖੇਡਣ ਇਸ ਲਈ ਪੀਸੀਬੀ ਦੇ ਸੀਈਓ ਵਸੀਮ ਖ਼ਾਨ ਨੂੰ ਭੂਮਿਕਾ ਨਿਭਾਉਣੀ ਚਾਹੀਦੀ ਹੈ। ਇਸ ਨਾਲ ਪਾਕਿਸਤਾਨ ਕ੍ਰਿਕਟ ਤੇ ਲੋਕਲ ਖਿਡਾਰੀਆਂ ਨੂੰ ਬਹੁਤ ਫ਼ਾਇਦਾ ਮਿਲੇਗਾ। ਲਤੀਫ਼ ਨੇ ਦੱਸਿਆ ਕਿ ਕਿਵੇਂ 2004 ਵਿਚ ਭਾਰਤ ਦੇ ਪਾਕਿਸਤਾਨ ਦੌਰੇ ਵਿਚ ਗਾਂਗੁਲੀ ਨੇ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ਕਿਹਾ ਕਿ ਸਾਲ 2004 ਵਿਚ ਬੀਸੀਸੀਆਈ ਪਾਕਿਸਤਾਨ ਦੌਰੇ ਨੂੰ ਲੈ ਕੇ ਇੱਛਕ ਨਹੀਂ ਸੀ ਤਾਂ ਉਹ ਗਾਂਗੁਲੀ ਹੀ ਸਨ ਜਿਨ੍ਹਾਂ ਨੇ ਖਿਡਾਰੀਆਂ ਤੇ ਬੀਸੀਸੀਆਈ ਨੂੰ ਇਸ ਬਾਰੇ ਰਾਜ਼ੀ ਕੀਤਾ ਸੀ। ਇਹ ਭਾਰਤ ਦਾ ਬਹੁਤ ਯਾਦਗਾਰ ਪਾਕਿਸਤਾਨੀ ਦੌਰਾ ਰਿਹਾ ਸੀ। ਉਹ ਇੱਥੇ ਲੰਬੇ ਸਮੇਂ ਤੋਂ ਬਾਅਦ ਵੱਡੀ ਜਿੱਤ ਹਾਸਲ ਕਰਨ ਵਿਚ ਕਾਮਯਾਬ ਹੋਏ ਸਨ।

ਪਿਛਲੇ ਦੌਰੇ 'ਤੇ ਟੀਮ ਇੰਡੀਆ ਨੇ ਹਾਸਲ ਕੀਤੀ ਸੀ ਜਿੱਤ

ਭਾਰਤੀ ਟੀਮ ਨੇ ਪਾਕਿਸਤਾਨ ਖ਼ਿਲਾਫ਼ ਵਨ ਡੇ ਸੀਰੀਜ਼ ਨੂੰ 3-2 ਨਾਲ ਜਿੱਤਿਆ ਸੀ ਜਦਕਿ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਵਿਚ ਵੀ ਜਿੱਤ ਹਾਸਲ ਕੀਤੀ ਸੀ। ਟੀਮ ਇੰਡੀਆ ਨੇ ਟੈਸਟ ਸੀਰੀਜ਼ ਵਿਚ 2-1 ਨਾਲ ਜਿੱਤ ਦਰਜ ਕੀਤੀ ਸੀ। ਹੁਣ ਭਾਰਤ ਤੇ ਪਾਕਿਸਤਾਨ ਵਿਚਾਲੇ ਦੁਵੱਲੀ ਸੀਰੀਜ਼ ਨਹੀਂ ਖੇਡੀ ਜਾਂਦੀ। ਏਸ਼ਿਆ ਕੱਪ ਤੇ ਆਈਸੀਸੀ ਦੇ ਟੂਰਨਾਮੈਂਟ ਵਿਚ ਹੀ ਦੋਵਾਂ ਟੀਮਾਂ ਵਿਚਾਲੇ ਮੈਚ ਖੇਡਿਆ ਜਾਂਦਾ ਹੈ।