ਨਵੀਂ ਦਿੱਲੀ, ਸਪੋਰਟਸ ਡੈਸਕ : ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਿਚ ਚੇਨਈ ਸੁਪਰ ਕਿੰਗਜ਼ (CSK) ਨੇ 10ਵੀਂ ਵਾਰ ਫਾਈਨਲ ਵਿਚ ਥਾਂ ਬਣਾਈ ਹੈ। ਹਾਲਾਂਕਿ IPL 2022 ਵਿਚ CSK ਦਾ ਪ੍ਰਦਰਸ਼ਨ ਬਹੁਤ ਖਰਾਬ ਰਿਹਾ। ਪਿਛਲੇ ਸਾਲ ਇਹ ਟੀਮ 10ਵੇਂ ਨੰਬਰ 'ਤੇ ਸੀ ਪਰ ਇਸ ਸਾਲ CSK ਨੇ ਇਕ ਵਾਰ ਫਿਰ ਦੱਸਿਆ ਕਿ ਉਹ IPL ਦੀਆਂ ਸਭ ਤੋਂ ਸਫਲ ਟੀਮਾਂ 'ਚੋਂ ਇਕ ਕਿਉਂ ਹੈ। ਇਸ ਸੀਜ਼ਨ ਵਿਚ ਟੀਮ ਅੰਕ ਸੂਚੀ ਵਿਚ ਦੂਜੇ ਸਥਾਨ ’ਤੇ ਰਹੀ। ਟੀਮ ਨੇ ਲੀਗ ਵਿਚ ਖੇਡੇ ਗਏ 14 ਮੈਚਾਂ ਵਿਚ 17 ਅੰਕ ਹਾਸਿਲ ਕੀਤੇ।

ਗੁਜਰਾਤ ਨੂੰ ਹਰਾ ਕੇ ਫਾਈਨਲ 'ਚ ਬਣਾਈ ਜਗ੍ਹਾ

ਪਲੇਆਫ ਦਾ ਪਹਿਲਾ ਕੁਆਲੀਫਾਇਰ ਮੈਚ ਖੇਡਦਿਆਂ ਚੇਨਈ ਨੇ ਗੁਜਰਾਤ ਟਾਇਟਨਸ ਨੂੰ 15 ਦੌੜਾਂ ਨਾਲ ਹਰਾ ਕੇ ਫਾਈਨਲ ਦੀ ਟਿਕਟ ਬੁੱਕ ਕਰ ਲਈ। ਜੇ ਇਸ ਸੀਜ਼ਨ 'ਚ ਚੇਨਈ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤਾਂ ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਮਾਹੀ ਦੀ ਕਪਤਾਨੀ ਸੀ। ਉਨ੍ਹਾਂ ਨੇ ਇਸ ਸੀਜ਼ਨ 'ਚ ਕਈ ਨੌਜਵਾਨ ਖਿਡਾਰੀਆਂ 'ਤੇ ਭਰੋਸਾ ਪ੍ਰਗਟਾਇਆ ਅਤੇ ਖਿਡਾਰੀਆਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਮਾਹੀ ਦੀ ਕਪਤਾਨੀ ਦੀ 'ਦਾਦਾ' ਨੇ ਕੀਤੀ ਤਾਰੀਫ਼

ਮਾਹੀ ਦੀ ਕਪਤਾਨੀ ਦੀ ਜਿੰਨੀ ਤਾਰੀਫ ਕੀਤੀ ਜਾਵੇ ਘੱਟ ਹੈ। ਹਾਲਾਂਕਿ ਭਾਰਤ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਮਾਹੀ ਦੀ ਕਪਤਾਨੀ ਨੂੰ ਲੈ ਕੇ ਬਹੁਤ ਵੱਡੀ ਗੱਲ ਕਹੀ। ਉਨ੍ਹਾਂ ਕਿਹਾ ਕਿ ਧੋਨੀ ਦੀ ਕਪਤਾਨੀ ਇਸ ਸੀਜ਼ਨ 'ਚ ਸ਼ਾਨਦਾਰ ਰਹੀ ਹੈ। ਚੇਨਈ ਸੁਪਰਕਿੰਗਜ਼ ਨੇ ਦਿਖਾਇਆ ਕਿ ਕਿਵੇਂ ਵੱਡੇ ਮੈਚ ਜਿੱਤਣੇ ਹਨ। ਇਸ ਸੀਜ਼ਨ 'ਚ ਸੌਰਵ ਗਾਂਗੁਲੀ ਦਿੱਲੀ ਕੈਪੀਟਲਸ ਦੇ ਡਾਇਰੈਕਟਰ ਆਫ ਕ੍ਰਿਕੇਟ ਆਪ੍ਰੇਸ਼ਨ ਦੀ ਭੂਮਿਕਾ 'ਚ ਨਜ਼ਰ ਆਏ ਸਨ। ਡੇਵਿਡ ਵਾਰਨਰ ਦੀ ਅਗਵਾਈ 'ਚ ਟੀਮ ਦਾ ਇਸ ਸੀਜ਼ਨ 'ਚ ਪ੍ਰਦਰਸ਼ਨ ਕਾਫੀ ਖਰਾਬ ਰਿਹਾ। ਦਿੱਲੀ ਅੰਕ ਸੂਚੀ 'ਚ 9ਵੇਂ ਸਥਾਨ 'ਤੇ ਕਾਇਮ ਹੈ।

ਗਾਂਗੁਲੀ ਨੇ ਕਈ ਨੌਜਵਾਨ ਖਿਡਾਰੀਆਂ ਦੀ ਕੀਤੀ ਤਾਰੀਫ

ਕੇਕੇਆਰ ਦੇ ਸਟਾਰ ਬੱਲੇਬਾਜ਼ ਰਿੰਕੂ ਸਿੰਘ ਤੋਂ ਇਲਾਵਾ ਸੌਰਵ ਗਾਂਗੁਲੀ ਨੇ ਵੀ ਕਈ ਨੌਜਵਾਨ ਕ੍ਰਿਕਟਰਾਂ ਦੀ ਤਾਰੀਫ ਕੀਤੀ। ਉਸ ਨੇ ਕਿਹਾ, ਇਸ ਸੀਜ਼ਨ ਵਿਚ ਰਿੰਕੂ ਸਿੰਘ ਚੰਗਾ ਖੇਡਿਆ। ਧਰੁਵ ਜੁਰੇਲ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ। ਪੰਜਾਬ ਕਿੰਗਜ਼ ਲਈ ਜਿਤੇਸ਼ ਸ਼ਰਮਾ ਨੇ ਵੀ ਚੰਗੀ ਬੱਲੇਬਾਜ਼ੀ ਕੀਤੀ। ਇਸ ਦੇ ਨਾਲ ਹੀ ਮੁੰਬਈ ਇੰਡੀਅਨਜ਼ ਲਈ ਸੂਰਿਆ ਕੁਮਾਰ ਯਾਦਵ ਅਤੇ ਤਿਲਕ ਵਰਮਾ ਵੀ ਚੰਗੀ ਬੱਲੇਬਾਜ਼ੀ ਕਰ ਰਹੇ ਹਨ।

Posted By: Harjinder Sodhi