ਹੈਦਰਾਬਾਦ (ਪੀਟੀਆਈ) : ਭਾਰਤ ਤੇ ਆਸਟ੍ਰੇਲੀਆ ਵਿਚਾਲੇ ਇੱਥੇ 25 ਸਤੰਬਰ ਨੂੰ ਹੋਣ ਵਾਲੇ ਤੀਜੇ ਟੀ-20 ਮੈਚ ਦੀਆਂ ਟਿਕਟਾਂ ਖ਼ਰੀਦਣ ਨੂੰ ਲੈ ਕੇ ਜਿਮਖਾਨਾ ਮੈਦਾਨ 'ਤੇ ਵੀਰਵਾਰ ਨੂੰ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਜਿਸ ਵਿਚ ਚਾਰ ਲੋਕ ਜ਼ਖ਼ਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਧੱਕਾ-ਮੁੱਕੀ ਹੋਣ ਕਾਰਨ ਕੁਝ ਲੋਕ ਅਸਹਿਜ ਮਹਿਸੂਸ ਕਰਨ ਲੱਗੇ ਜਿਸ ਵਿਚ ਕੁਝ ਅੌਰਤਾਂ ਵੀ ਸ਼ਾਮਲ ਸਨ। ਇਸ ਵਿਚੋਂ ਕੁਝ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਤੇ ਹੁਣ ਉਨ੍ਹਾਂ ਦੀ ਸਥਿਤੀ ਚੰਗੀ ਹੈ। ਮੈਚ ਦੀਆਂ ਟਿਕਟਾਂ ਖ਼ਰੀਦਣ ਲਈ ਲਗਭਗ 15000 ਕ੍ਰਿਕਟ ਪ੍ਰਰੇਮੀ ਜਿਮਖਾਨਾ ਮੈਦਾਨ 'ਤੇ ਪੁੱਜੇ ਸਨ ਤੇ ਪੁਲਿਸ ਨੂੰ ਸਥਿਤੀ ਨੂੰ ਕਾਬੂ ਕਰਨ ਲਈ ਕਾਫੀ ਮਿਹਨਤ ਕਰਨੀ ਪਈ। ਕੁਝ ਕ੍ਰਿਕਟ ਪ੍ਰਰੇਮੀਆਂ ਨੇ ਦੱਸਿਆ ਕਿ ਉਹ ਟਿਕਟ ਖ਼ਰੀਦਣ ਲਈ ਤੜਕੇ ਹੀ ਜਿਮਖਾਨਾ ਮੈਦਾਨ ਵਿਚ ਪੁੱਜ ਗਏ ਸਨ। ਤੇਲੰਗਾਨਾ ਦੇ ਖੇਡ ਮੰਤਰੀ ਵੀ ਸ਼੍ਰੀਨਿਵਾਸ ਗੌਡ ਨੇ ਬੁੱਧਵਾਰ ਨੂੰ ਕਿਹਾ ਕਿ ਟਿਕਟਾਂ ਦੀ ਕਾਲਾ ਬਾਜ਼ਾਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਹੈਦਰਾਬਾਦ ਵਿਚ ਦੋ ਸਾਲ ਬਾਅਦ ਅੰਤਰਰਾਸ਼ਟਰੀ ਮੈਚ ਹੋਣ ਕਾਰਨ ਟਿਕਟਾਂ ਨੂੰ ਲੈ ਕੇ ਹਫੜਾ-ਦਫੜੀ ਮਚੀ।

Posted By: Gurinder Singh