ਨਵੀਂ ਦਿੱਲੀ (ਪੀਟੀਆਈ) : ਆਪਣੇ ਸਮੇਂ ਦੇ ਦਿੱਗਜ ਸਪਿੰਨਰ ਬਿਸ਼ਨ ਸਿੰਘ ਬੇਦੀ ਦੀ ਕੁਝ ਦਿਨ ਪਹਿਲਾਂ ਸ਼ਹਿਰ ਦੇ ਇਕ ਹਸਪਤਾਲ ਵਿਚ ਬਾਈਪਾਸ ਸਰਜਰੀ ਕੀਤੀ ਗਈ। ਸਾਬਕਾ ਭਾਰਤੀ ਕਪਤਾਨ ਦੇ ਕਰੀਬੀ ਵਿਅਕਤੀ ਮੁਤਾਬਕ 74 ਸਾਲਾ ਬੇਦੀ ਦਾ ਦੋ ਦਿਨ ਪਹਿਲਾਂ ਆਪ੍ਰੇਸ਼ਨ ਕੀਤਾ ਗਿਆ ਤੇ ਉਨ੍ਹਾਂ ਨੂੰ ਹਸਪਤਾਲ ਤੋਂ ਜਲਦ ਹੀ ਛੁੱਟੀ ਮਿਲ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਜਿੱਥੇ ਤਕ ਮੈਨੂੰ ਪਤਾ ਹੈ ਕਿ ਉਨ੍ਹਾਂ ਨੂੰ ਦਿਲ ਸਬੰਧੀ ਕੁਝ ਪਰੇਸ਼ਾਨੀਆਂ ਸਨ ਤੇ ਡਾਕਟਰਾਂ ਦੀ ਸਲਾਹ 'ਤੇ ਦੋ-ਤਿੰਨ ਦਿਨ ਪਹਿਲਾਂ ਉਨ੍ਹਾਂ ਦੀ ਬਾਈਪਾਸ ਸਰਜਰੀ ਕੀਤੀ ਗਈ। ਉਹ ਅਜੇ ਠੀਕ ਹਨ। ਉਮੀਦ ਹੈ ਕਿ ਉਨ੍ਹਾਂ ਨੂੰ ਹਸਪਤਾਲ ਤੋਂ ਜਲਦ ਛੁੱਟੀ ਮਿਲ ਜਾਵੇਗੀ। ਖੱਬੇ ਹੱਥ ਦੇ ਸਪਿੰਨਰ ਬੇਦੀ ਨੇ ਭਾਰਤ ਵੱਲੋਂ 67 ਟੈਸਟ ਤੇ 10 ਵਨ ਡੇ ਖੇਡੇ ਤੇ ਕ੍ਰਮਵਾਰ 266 ਤੇ ਸੱਤ ਵਿਕਟਾਂ ਲਈਆਂ। ਪਿਛਲੇ ਸਾਲ ਦਸੰਬਰ ਵਿਚ ਦਿੱਲੀ ਤੇ ਜ਼ਿਲ੍ਹਾ ਕ੍ਰਿਕਟ ਸੰਘ (ਡੀਡੀਸੀਏ) ਦੇ ਫ਼ਿਰੋਜ਼ਸ਼ਾਹ ਕੋਟਲਾ ਸਟੇਡੀਅਮ ਦਾ ਨਾਂ ਸਾਬਕਾ ਕੇਂਦਰੀ ਮੰਤਰੀ ਅਰੁਣ ਜੇਤਲੀ ਦੇ ਨਾਂ 'ਤੇ ਰੱਖਣ ਦੇ ਫ਼ੈਸਲੇ ਦਾ ਵਿਰੋਧ ਕਰਨ ਕਾਰਨ ਉਹ ਚਰਚਾ ਵਿਚ ਆਏ ਸਨ। ਉਨ੍ਹਾਂ ਨੇ ਸਟੇਡੀਅਮ ਦੇ ਇਕ ਸਟੈਂਡ ਤੋਂ ਆਪਣਾ ਨਾਂ ਨਾ ਹਟਾਉਣ ਦੀ ਸਥਿਤੀ ਵਿਚ ਡੀਡੀਸੀਏ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਧਮਕੀ ਦਿੱਤੀ ਸੀ।

Posted By: Susheel Khanna