ਨਵੀਂ ਦਿੱਲੀ (ਜੇਐੱਨਐੱਨ) : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਨਵੇਂ ਮੁੱਖ ਚੋਣਕਾਰ ਦੀ ਦੌੜ ਸ਼ੁਰੂ ਹੋ ਚੁੱਕੀ ਹੈ। ਜਾਣਕਾਰੀ ਮੁਤਾਬਕ ਸਾਬਕਾ ਭਾਰਤੀ ਹਰਫ਼ਨਮੌਲਾ ਅਜੀਤ ਅਗਰਕਰ ਟੀਮ ਇੰਡੀਆ ਦੇ ਨਵੇਂ ਮੁੱਖ ਚੋਣਕਾਰ ਬਣ ਸਕਦੇ ਹਨ। ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਦੀ ਕਪਤਾਨੀ ਵਿਚ ਖੇਡ ਚੁੱਕੇ ਅਗਰਕਰ ਨੇ ਚੋਣਕਾਰ ਦੇ ਅਹੁਦੇ ਲਈ ਬਿਨੈ ਕੀਤਾ ਹੈ। ਭਾਰਤੀ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਅਜੀਤ ਅਗਰਕਰ ਬੀਸੀਸੀਆਈ ਦੇ ਨਵੇਂ ਮੁੱਖ ਚੋਣਕਾਰ ਦੀ ਦੌੜ 'ਚ ਸਭ ਤੋਂ ਅੱਗੇ ਚੱਲ ਰਹੇ ਹਨ। ਮੁੰਬਈ ਕ੍ਰਿਕਟ ਐਸੋਸੀਏਸ਼ਨ ਦੇ ਸਾਬਕਾ ਮੁੱਖ ਚੋਣਕਾਰ ਦਾ ਕਾਰਜਭਾਰ ਸੰਭਾਲ ਚੁੱਕੇ ਅਗਰਕਰ ਨੂੰ ਇਸ ਕੰਮ ਦਾ ਚੰਗਾ ਤਜਰਬਾ ਹੈ ਤੇ ਇਸੇ ਕਾਰਨ ਉਨ੍ਹਾਂ ਦੀ ਦਾਅਵੇਦਾਰੀ ਮਜ਼ਬੂਤ ਮੰਨੀ ਜਾ ਰਹੀ ਹੈ। ਬੀਸੀਸੀਆਈ ਨੇ 24 ਜਨਵਰੀ ਤਕ ਅਹੁਦੇ ਲਈ ਬਿਨੈ ਕਰਨ ਦੀ ਆਖ਼ਰੀ ਤਰੀਕ ਤੈਅ ਕੀਤੀ ਸੀ। 42 ਸਾਲ ਦੇ ਸਾਬਕਾ ਤੇਜ਼ ਗੇਂਦਬਾਜ਼ ਨੇ ਇਸ ਅਹੁਦੇ ਲਈ ਬਿਨੈ ਕੀਤਾ ਹੈ।

ਸ਼ਾਨਦਾਰ ਹੈ ਰਿਕਾਰਡ :

ਭਾਰਤ ਵੱਲੋਂ 26 ਟੈਸਟ ਤੇ 191 ਵਨ ਡੇ ਮੈਚ ਖੇਡਣ ਵਾਲੇ ਅਗਰਕਰ ਨੇ ਚਾਰ ਟੀ-20 ਅੰਤਰਰਾਸ਼ਟਰੀ ਮੈਚ ਵੀ ਖੇਡੇ ਹਨ। ਵਨ ਡੇ ਵਿਚ ਅਜੀਤ ਅਗਰਕਰ ਦੇ ਨਾਂ 288 ਵਿਕਟਾਂ ਹਨ। ਉਹ ਭਾਰਤ ਵੱਲੋਂ ਅਨਿਲ ਕੁੰਬਲੇ ਤੇ ਜਵਾਗਲ ਸ਼੍ਰੀਨਾਥ ਤੋਂ ਬਾਅਦ ਤੀਜੇ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਭਾਰਤੀ ਹਨ। ਜ਼ਿਕਰਯੋਗ ਹੈ ਕਿ ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਨੇ ਪਹਿਲੇ ਦਿਨ ਤੋਂ ਹੀ ਬੋਰਡ ਦੇ ਕੰਮ ਵਿਚ ਪਾਰਦਰਸ਼ਤਾ ਦੀ ਗੱਲ ਕਹੀ ਸੀ।