ਰਾਂਚੀ (ਜੇਐੱਨਐੱਨ) : ਭਾਰਤੀ ਪੁਲਿਸ ਸੇਵਾ ਦੇ ਅਧਿਕਾਰੀ ਹੋਣ ਦੇ ਬਾਵਜੂਦ ਝਾਰਖੰਡ ਤੇ ਦੇਸ਼ ਵਿਚ ਕ੍ਰਿਕਟ ਨੂੰ ਅੱਗੇ ਵਧਾਉਣ ਲਈ ਆਪਣਾ ਜੀਵਨ ਸਮਰਪਤ ਕਰ ਚੁੱਕੇ ਅਮਿਤਾਭ ਚੌਧਰੀ ਦਾ ਦੇਹਾਂਤ ਮੰਗਲਵਾਰ ਦੀ ਸਵੇਰ ਹਾਰਟ ਅਟੈਕ ਨਾਲ ਹੋ ਗਿਆ। ਉਹ 62 ਸਾਲ ਦੇ ਸਨ। ਝਾਰਖੰਡ ਵਿਚ ਕ੍ਰਿਕਟ ਨੂੰ ਬਦਲਣ ਵਿਚ ਚੌਧਰੀ ਦਾ ਯੋਗਦਾਨ ਸ਼ਾਨਦਾਰ ਮੰਨਿਆ ਜਾਂਦਾ ਹੈ। ਉਨ੍ਹਾਂ ਦੀ ਕੋਸ਼ਿਸ਼ ਨਾਲ ਹੀ ਰਾਂਚੀ ਵਿਚ ਝਾਰਖੰਡ ਸੂਬਾਈ ਕ੍ਰਿਕਟ ਸੰਘ ਦੇ ਅੰਤਰਰਾਸ਼ਟਰੀ ਕ੍ਰਿਕਟ ਮੈਦਾਨ ਦਾ ਨਿਰਮਾਣ ਹੋ ਸਕਿਆ ਸੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਸਾਬਕਾ ਸਕੱਤਰ ਅਮਿਤਾਭ ਚੌਧਰੀ ਕੁਝ ਦਿਨ ਪਹਿਲਾਂ ਹੀ ਝਾਰਖੰਡ ਪਬਲਿਕ ਸਰਵਿਸ ਕਮਿਸ਼ਨ ਦੇ ਪ੍ਰਧਾਨ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਸਨ। ਬਿਹਾਰ ਸੂਬੇ ਤੋਂ ਝਾਰਖੰਡ ਕ੍ਰਿਕਟ ਨੂੰ ਵੱਖ ਹੋਂਦ ਦਿਵਾਉਣ ਤੋਂ ਬਾਅਦ ਅਮਿਤਾਭ ਚੌਧਰੀ ਨੇ ਕਦੀ ਪਿੱਛੇ ਮੁੜ ਕੇ ਨਹੀਂ ਦੇਖਿਆ। ਉਨ੍ਹਾਂ ਨੇ ਭਾਰਤੀ ਕ੍ਰਿਕਟ ਟੀਮ ਦੇ ਮੈਨੇਜਰ ਦਾ ਅਹੁਦਾ ਵੀ ਸੰਭਾਲਿਆ।

Posted By: Gurinder Singh