ਨਵੀਂ ਦਿੱਲੀ (ਜੇਐੱਨਐੱਨ) : ਡੇਅਰਡੇਵਿਲਜ਼ ਤੋਂ ਕੈਪੀਟਲਜ਼ ਬਣਨ ਤਕ ਦਿੱਲੀ ਦੀ ਟੀਮ ਨੇ ਕਦੀ ਆਈਪੀਐੱਲ ਖ਼ਿਤਾਬ ਨਹੀਂ ਜਿੱਤਿਆ। ਪਿਛਲੇ ਸੈਸ਼ਨ ਵਿਚ ਸੌਰਵ ਗਾਂਗੁਲੀ ਤੇ ਰਿੱਕੀ ਪੋਂਟਿੰਗ ਦੀ ਅਗਵਾਈ ਵਿਚ ਟੀਮ ਪਲੇਆਫ ਤਕ ਪੁੱਜਣ ਵਿਚ ਕਾਮਯਾਬ ਰਹੀ ਪਰ ਹੁਣ ਜਦ ਗਾਂਗੁਲੀ ਟੀਮ ਦੇ ਨਾਲ ਨਹੀਂ ਹਨ ਤਾਂ ਦੇਖਣਾ ਪਵੇਗਾ ਕਿ ਪੋਂਟਿੰਗ ਤੇ ਨੌਜਵਾਨ ਕਪਤਾਨ ਸ਼੍ਰੇਅਸ ਅਈਅਰ ਦਾ ਤਾਲਮੇਲ ਟੀਮ ਦਾ ਪਹਿਲਾ ਖ਼ਿਤਾਬ ਜਿੱਤਣ ਦਾ ਸੁਪਨਾ ਪੂਰਾ ਕਰ ਸਕਦਾ ਹੈ ਜਾਂ ਨਹੀਂ।

ਤਜਰਬਾ ਬਣਾਏਗਾ ਕੰਮ :

ਦਿੱਲੀ ਦੀ ਟੀਮ ਵਿਚ ਕੋਈ ਵੱਡਾ ਵਿਦੇਸ਼ੀ ਨਾਂ ਨਹੀਂ ਹੈ ਪਰ ਭਾਰਤ ਦੇ ਤਜਰਬੇਕਾਰ ਰਵੀਚੰਦਰਨ ਅਸ਼ਵਿਨ, ਅਜਿੰਕੇ ਰਹਾਣੇ ਤੇ ਸ਼ਿਖਰ ਧਵਨ ਦੀ ਤਿਕੜੀ ਦਿੱਲੀ ਦਾ ਕੰਮ ਬਣਾ ਸਕਦੀ ਹੈ। ਇਸ ਤੋਂ ਇਲਾਵਾ ਸਪਿੰਨ ਮਹਿਕਮੇ ਵਿਚ ਅਮਿਤ ਮਿਸ਼ਰਾ ਤੇ ਤੇਜ਼ ਗੇਂਦਬਾਜ਼ੀ ਵਿਚ ਇਸ਼ਾਂਤ ਸ਼ਰਮਾ ਦਾ ਤਜਰਬਾ ਵੀ ਕੰਮ ਹੋਵੇਗਾ।

ਨੌਜਵਾਨ ਬੱਲੇਬਾਜ਼ਾਂ ਨਾਲ ਸਜੀ ਟੀਮ :

ਇਸ ਟੀਮ ਵਿਚ ਕਈ ਨੌਜਵਾਨ ਖਿਡਾਰੀ ਹਨ ਜੋ ਆਪਣੀ ਖੇਡ ਨਾਲ ਆਈਪੀਐੱਲ ਵਿਚ ਨਾਂ ਕਮਾ ਚੁੱਕੇ ਹਨ। ਪਿ੍ਰਥਵੀ ਸ਼ਾਅ ਤੇ ਰਿਸ਼ਭ ਪੰਤ ਦੋ ਅਜਿਹੇ ਨਾਂ ਹਨ ਜਿਨ੍ਹਾਂ ਨੇ ਆਪਣੀ ਖੇਡ ਨਾਲ ਇਸ ਟੀਮ ਨੂੰ ਕਈ ਮੈਚ ਜਿਤਾਏ ਹਨ। ਇਸ ਤੋਂ ਇਲਾਵਾ ਖ਼ੁਦ ਕਪਤਾਨ ਸ਼੍ਰੇਅਸ ਵੀ ਮੱਧ ਕ੍ਰਮ ਵਿਚ ਟੀਮ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਨਿਭਾਉਣਗੇ। ਇਸ ਤੋਂ ਇਲਾਵਾ ਇਸ ਵਾਰ ਟੀਮ ਵਿਚ ਲਲਿਤ ਯਾਦਵ ਤੇ ਤੁਸ਼ਾਰ ਦੇਸ਼ਪਾਂਡੇ ਵੀ ਮੌਜੂਦ ਹਨ ਜੋ ਵੱਡੇ ਸ਼ਾਟ ਲਾਉਣ ਲਈ ਜਾਣੇ ਜਾਂਦੇ ਹਨ।

ਵਿਦੇਸ਼ੀ ਖਿਡਾਰੀਆਂ ਤੋਂ ਉਮੀਦ :

ਟੀਮ ਵਿਚ ਸ਼ਿਮਰੋਨ ਹੇਟਮਾਇਰ, ਮਾਰਕਸ ਸਟੋਈਨਿਸ, ਕੀਮੋ ਪਾਲ ਤੇ ਐਲੇਕਸ ਕੈਰੀ ਤੋਂ ਇਸ ਵਾਰ ਟੀਮ ਨੂੰ ਵੱਡੇ ਪ੍ਰਦਰਸ਼ਨ ਦੀ ਉਮੀਦ ਹੋਵੇਗੀ।

ਟੀਮ ਦੀ ਕਮਜ਼ੋਰੀ :

ਰਹਾਣੇ ਦੇ ਤੀਜੇ ਨੰਬਰ 'ਤੇ ਉਤਰਨ ਨਾਲ ਮੱਧਕ੍ਮ ਵਿਚ ਸ਼੍ਰੇਅਸ ਤੇ ਪੰਤ ਨੂੰ ਇਕ ਨੰਬਰ ਹੇਠਾਂ ਉਤਰਨਾ ਪੈ ਸਕਦਾ ਹੈ ਜਿਸ ਨਾਲ ਪੰਤ ਵਰਗੇ ਬੱਲੇਬਾਜ਼ ਨੂੰ ਘੱਟ ਗੇਂਦਾਂ ਖੇਡਣ ਨੂੰ ਮਿਲਣਗੀਆਂ। ਸਪਿੰਨ ਨੂੰ ਲੈ ਕੇ ਚੋਣ ਦੀ ਦੁਚਿੱਤੀ ਹੋਵੇਗੀ। ਅਸ਼ਵਿਨ, ਮਿਸ਼ਰਾ, ਸੰਦੀਪ ਲਾਮੀਛਾਨੇ ਤੇ ਅਕਸ਼ਰ ਪਟੇਲ ਵਿਚੋਂ ਟੀਮ ਕਿਸ ਨੂੰ ਮੌਕਾ ਦਿੰਦੀ ਹੈ, ਇਹ ਦੇਖਣ ਵਾਲੀ ਗੱਲ ਹੋਵੇਗੀ। ਟੀਮ ਨੇ ਆਪਣਾ ਪਹਿਲਾ ਮੁਕਾਬਲਾ 20 ਸਤੰਬਰ ਨੂੰ ਕਿੰਗਜ਼ ਇਲੈਵਨ ਪੰਜਾਬ ਨਾਲ ਖੇਡਣਾ ਹੈ।

ਟੀਮ 'ਚ ਸ਼ਾਮਲ ਖਿਡਾਰੀ

ਸ਼੍ਰੇਅਸ ਅਈਅਰ (ਕਪਤਾਨ), ਪਿ੍ਥਵੀ ਸ਼ਾਅ, ਸ਼ਿਖਰ ਧਵਨ, ਅਜਿੰਕੇ ਰਹਾਣੇ, ਰਿਸ਼ਭ ਪੰਤ, ਸ਼ਿਮਰੋਨ ਹੇਟਮਾਇਰ, ਅਮਿਤ ਮਿਸ਼ਰਾ, ਆਵੇਸ਼ ਖ਼ਾਨ, ਹਰਸ਼ਲ ਪਟੇਲ, ਇਸ਼ਾਂਤ ਸ਼ਰਮਾ, ਕੈਗਿਸੋ ਰਬਾਦਾ, ਮੋਹਿਤ ਸ਼ਰਮਾ, ਆਰ ਅਸ਼ਵਿਨ, ਸੰਦੀਪ ਲਾਮੀਛਾਨੇ, ਤੁਸ਼ਾਰ ਦੇਸ਼ਪਾਂਡੇ, ਅਕਸ਼ਰ ਪਟੇਲ, ਕੀਮੋ ਪਾਲ, ਲਲਿਤ ਯਾਦਵ, ਮਾਰਕਸ ਸਟੋਈਨਿਸ, ਐਲੇਕਸ ਕੈਰੀ, ਡੇਨੀਅਲ ਸੈਮਜ਼, ਐਨਰਿਕ ਨੋਰਤਜੇ।

ਆਈਪੀਐੱਲ 'ਚ ਪ੍ਰਦਰਸ਼ਨ :

2008 'ਚ ਸੈਮੀਫਾਈਨਲ, 2009 'ਚ ਸੈਮੀਫਾਈਨਲ, 2010 'ਚ ਲੀਗ ਪੱਧਰ, 2011 'ਚ ਲੀਗ ਪੱਧਰ, 2012 'ਚ ਪਲੇਆਫ, 2013 'ਚ ਲੀਗ ਪੱਧਰ, 2014 'ਚ ਲੀਗ ਪੱਧਰ, 2015 'ਚ ਲੀਗ ਪੱਧਰ, 2016 'ਚ ਲੀਗ ਪੱਧਰ, 2017 'ਚ ਲੀਗ ਪੱਧਰ, 2018 'ਚ ਲੀਗ ਪੱਧਰ, 2019 'ਚ ਪਲੇਆਫ