ਦੁਬਈ (ਪੀਟੀਆਈ) : ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਨੇ ਕਿਹਾ ਹੈ ਕਿ ਵਿਰਾਟ ਕੋਹਲੀ ਯੂਏਈ ਤੇ ਓਮਾਨ ਵਿਚ ਟੀ-20 ਵਿਸ਼ਵ ਕੱਪ ਜਿੱਤ ਕੇ ਖੇਡ ਦੇ ਸਭ ਤੋਂ ਛੋਟੇ ਫਾਰਮੈਟ 'ਚ ਆਪਣੀ ਕਪਤਾਨੀ ਦੀ ਪਾਰੀ ਦਾ ਅੰਤ ਕਰਨ ਦੇ ਹੱਕਦਾਰ ਹਨ। ਕੋਹਲੀ ਵਿਸ਼ਵ ਕੱਪ ਤੋਂ ਬਾਅਦ ਭਾਰਤ ਦੀ ਟੀ-20 ਟੀਮ ਦੀ ਕਪਤਾਨੀ ਛੱਡ ਦੇਣਗੇ ਤੇ ਰੈਨਾ ਨੇ ਕਿਹਾ ਕਿ ਇਹ ਸ਼ਾਨਦਾਰ ਕਪਤਾਨ ਟੀਮ ਦੇ ਆਪਣੇ ਸਾਥੀਆਂ ਤੋਂ ਸ਼ਾਨਦਾਰ ਵਿਦਾਈ ਦਾ ਹੱਕਦਾਰ ਹੈ। ਰੈਨਾ ਨੇ ਕਿਹਾ ਕਿ ਵਿਸ਼ਵ ਕੱਪ ਵਿਚ ਭਾਰਤ ਲਈ ਸੁਨੇਹਾ ਆਮ ਹੈ ਕਿ ਵਿਰਾਟ ਕੋਹਲੀ ਲਈ ਸ਼ਾਨਦਾਰ ਪ੍ਰਦਰਸ਼ਨ ਕਰੋ ਤੇ ਖ਼ਿਤਾਬ ਜਿੱਤੋ। ਇਸ ਟੂਰਨਾਮੈਂਟ ਵਿਚ ਉਹ ਕਪਤਾਨ ਦੇ ਰੂਪ ਵਿਚ ਆਖ਼ਰੀ ਵਾਰ ਉਤਰਨਗੇ ਇਸ ਲਈ ਉਨ੍ਹਾਂ ਲਈ ਇਹ ਬਹੁਤ ਮਹੱਤਵਪੂਰਨ ਹੈ ਕਿ ਉਹ ਸਾਰਿਆਂ ਨੂੰ ਯਕੀਨ ਦਿਵਾਉਣ ਕਿ ਅਸੀਂ ਕਰ ਸਕਦੇ ਹਾਂ ਤੇ ਸਾਨੂੰ ਉਨ੍ਹਾਂ ਦਾ ਸਾਥ ਦੇਣਾ ਪਵੇਗਾ। ਇਸ ਕਾਰਨ ਭਾਰਤੀ ਪ੍ਰਸ਼ੰਸਕ ਵਿਸ਼ਵ ਕੱਪ 2021 ਦੇ ਸ਼ੁਰੂ ਹੋਣ ਦੀ ਉਡੀਕ ਨਹੀਂ ਕਰ ਸਕਦੇ। ਸਾਡੇ ਕੋਲ ਖਿਡਾਰੀ ਹਨ ਤੇ ਸਾਡੇ ਕੋਲ ਲੈਅ ਹੈ ਅਸੀਂ ਸਿਰਫ਼ ਮੈਦਾਨ 'ਤੇ ਉਤਰ ਕੇ ਯੋਜਨਾ ਨੂੰ ਚੰਗੀ ਤਰ੍ਹਾਂ ਲਾਗੂ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਸਾਰੇ ਖਿਡਾਰੀ ਯੂਏਈ ਵਿਚ ਸਮਾਪਤ ਹੋਈ ਇੰਡੀਅਨ ਪ੍ਰਰੀਮੀਅਰ ਲੀਗ (ਆਈਪੀਐੱਲ) ਵਿਚ ਖੇਡੇ ਹਨ ਤੇ ਉਹ ਇਸ ਮਾਹੌਲ ਵਿਚ ਅੱਠ ਜਾਂ ਜਾਂ ਨੌਂ ਮੈਚ ਖੇਡ ਕੇ ਚੋਟੀ ਦੀ ਲੈਅ ਵਿਚ ਹਨ। ਇਸ ਨਾਲ ਸਾਰੀਆਂ ਹੋਰ ਟੀਮਾਂ 'ਤੇ ਭਾਰਤ ਦਾ ਪਲੜਾ ਭਾਰੀ ਹੈ ਤੇ ਇਹ ਭਾਰਤ ਨੂੰ ਵਿਸ਼ਵ ਕੱਪ ਜਿੱਤਣ ਦਾ ਮੁੱਖ ਦਾਅਵੇਦਾਰ ਬਣਾਉਂਦਾ ਹੈ। ਯੂਏਈ ਦੇ ਹਾਲਾਤ ਕਾਫੀ ਹੱਦ ਤਕ ਭਾਰਤ ਤੇ ਪਾਕਿਸਤਾਨ ਵਾਂਗ ਵੀ ਹਨ। ਇਹ ਏਸ਼ਿਆਈ ਟੀਮਾਂ ਕੋਲ ਚੰਗਾ ਮੌਕਾ ਹੈ ਕਿ ਉਹ ਆਪਣੀ ਕੁਦਰਤੀ ਖੇਡ ਖੇਡਣ।