ਮੈਲਬੌਰਨ (ਪੀਟੀਆਈ) : ਸਾਬਕਾ ਤੇਜ਼ ਗੇਂਦਬਾਜ਼ ਬ੍ਰੇਟ ਲੀ ਨੇ ਕਿਹਾ ਕਿ ਗੇਂਦ ਨਾਲ ਛੇੜਛਾੜ ਦੇ ਮਾਮਲੇ ਤੋਂ ਬਾਅਦ ਜਿਸ ਤਰ੍ਹਾਂ ਨਾਲ ਸਟੀਵ ਸਮਿੱਥ ਨੇ ਵਾਪਸੀ ਕੀਤੀ ਹੈ, ਉਸ ਨੂੰ ਵੇਖਦੇ ਹੋਏ ਉਹ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਜਗ੍ਹਾ ਇਸ ਆਸਟ੍ਰੇਲੀਆਈ ਖਿਡਾਰੀ ਨੂੰ ਮੌਜੂਦਾ ਸਮੇਂ ਦਾ ਸਰਬੋਤਮ ਬੱਲੇਬਾਜ਼ ਚੁਣਨਗੇ। ਕੇਪਟਾਊਨ ਟੈਸਟ (2018) 'ਚ ਗੇਂਦ ਨਾਲ ਛੇੜਛਾੜ ਕਰਨ ਦੇ ਮਾਮਲੇ ਦੇ ਸਮੇਂ ਸਮਿੱਥ ਕਪਤਾਨ ਸਨ। ਇਸ ਮਾਮਲੇ ਤੋਂ ਬਾਅਦ ਉਨ੍ਹਾਂ ਨੂੰ ਤੇ ਤਤਕਾਲੀ ਉਪ-ਕਪਤਾਨ ਡੇਵਿਡ ਵਾਰਨਰ ਨੂੰ ਇਕ ਸਾਲ ਲਈ ਟੀਮ 'ਚੋਂ ਕੱਢ ਦਿੱਤਾ ਗਿਆ ਸੀ। ਵਾਪਸੀ ਤੋਂ ਬਾਅਦ ਤੋਂ ਸਮਿੱਥ ਸ਼ਾਨਦਾਰ ਲੈਅ 'ਚ ਹਨ। ਲੀ ਨੇ ਜ਼ਿੰਬਾਬਵੇ ਦੇ ਸਾਬਕਾ ਕ੍ਰਿਕਟਰ ਪਾਮੀ ਮਬਾਂਗਵਾ ਨਾਲ ਇੰਸਟਾਗ੍ਰਾਮ ਲਾਈਵ 'ਚ ਕਿਹਾ ਕਿ ਫਿਲਹਾਲ ਮੈਂ ਸਮਿੱਥ ਨੂੰ ਕੋਹਲੀ ਤੋਂ ਉਪਰ ਰੱਖਾਂਗਾ। ਉਹ ਜਿਸ ਦੌਰ 'ਚੋਂ ਲੰਘੇ ਹਨ ਤੇ ਉਨ੍ਹਾਂ ਇਸ ਹਾਲਤ 'ਤੇ ਜਿਸ ਤਰ੍ਹਾਂ ਕਾਬੂ ਪਾਇਆ ਹੈ, ਉਹ ਸ਼ਾਨਦਾਰ ਹੈ। ਉਨ੍ਹਾਂ ਕਿਹਾ ਕਿ ਸਮਿੱਥ ਨੂੰ ਪਿਛਲੇ ਦੋ ਸਾਲਾਂ 'ਚ ਕਾਫੀ ਮੁਸ਼ਕਲ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਜਿਸ ਤਰ੍ਹਾਂ ਨਾਲ ਪਿਛਲੇ 12 ਮਹੀਨਿਆਂ 'ਚ ਕ੍ਰਿਕਟ ਖੇਡਿਆ ਹੈ, ਉਹ ਸ਼ਾਨਦਾਰ ਹੈ। ਆਸਟ੍ਰੇਲੀਆ ਦੇ ਇਸ ਸਾਬਕਾ ਤੇਜ਼ ਗੇਂਦਬਾਜ਼ ਨੇ ਸਮਿੱਥ ਦੀ ਤੁਲਨਾ ਕ੍ਰਿਕਟ ਦੇ ਮਹਾਨ ਬੱਲੇਬਾਜ਼ਾਂ 'ਚ ਸ਼ਾਮਲ ਡਾਨ ਬ੍ਰੈਡਮੈਨ ਨਾਲ ਕੀਤੀ ਤੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸਮਿੱਥ ਡਾਨ ਬ੍ਰੈਡਮੈਨ ਦੀ ਤਰ੍ਹਾਂ ਚੰਗੇ ਬੱਲੇਬਾਜ਼ ਹਨ।

ਮਦੁਸ਼ਨਕਾ ਦਾ ਕਰਾਰ ਹੋ ਸਕਦਾ ਹੈ ਰੱਦ

ਕੋਲੰਬੋ (ਪੀਟੀਆਈ) : ਆਪਣੇ ਪਹਿਲੇ ਵਨਡੇ ਮੈਚ 'ਚ ਹੈਟਿ੍ਕ ਲੈਣ ਵਾਲੇ ਸ੍ਰੀਲੰਕਾ ਦੇ ਕ੍ਰਿਕਟਰ ਸ਼ੇਹਾਨ ਮੁਦਸ਼ਨਕਾ ਨੂੰ ਹੈਰੋਇਨ ਰੱਖਣ ਦੇ ਦੋਸ਼ 'ਚ ਗਿ੍ਫ਼ਤਾਰ ਕੀਤਾ ਗਿਆ ਹੈ ਜਿਸ ਤੋਂ ਬਾਅਦ ਸ੍ਰੀਲੰਕਾ ਕ੍ਰਿਕਟ (ਐੱਸਐੱਲਸੀ) ਉਨ੍ਹਾਂ ਦੇ ਕਰਾਰ ਨੂੰ ਖ਼ਤਮ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਤੇਜ਼ ਗੇਂਦਬਾਜ਼ ਤੇ ਉਨ੍ਹਾਂ ਦੇ ਇਕ ਦੋਸਤ ਨੂੰ 23 ਮਈ ਨੂੰ ਨਸ਼ੀਲੇ ਪਦਾਰਥ ਰੱਖਣ ਦੇ ਦੋਸ਼ 'ਚ ਗਿ੍ਫ਼ਤਾਰ ਕੀਤਾ ਗਿਆ ਸੀ। ਐੱਸਐੱਲਸੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਏਸ਼ਲੇ ਡਿਸੀਲਵਾ ਨੇ ਕਿਹਾ ਕਿ ਸਾਨੂੰ ਹਾਲੇ ਤਕ ਇਸ ਬਾਰੇ ਅਧਿਕਾਰਿਤ ਤੌਰ 'ਤੇ ਸੂਚਿਤ ਨਹੀਂ ਕੀਤਾ ਗਿਆ। ਜੇ ਉਨ੍ਹਾਂ 'ਤੇ ਲੱਗਾ ਦੋਸ਼ ਸਾਬਤ ਹੁੰਦਾ ਹੈ ਤਾਂ ਅਸੀਂ ਉਨ੍ਹਾਂ ਦੇ ਕਰਾਰ ਨੂੰ ਰੱਦ ਕਰਨ ਦੀ ਕਾਰਵਾਈ ਕਰਾਂਗੇ।