ਨਵੀਂ ਦਿੱਲੀ (ਪੀਟੀਆਈ) : ਆਸਟ੍ਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਬ੍ਰੈਟ ਲੀ ਨੂੰ ਲਗਦਾ ਹੈ ਕਿ ਆਈਸੀਸੀ ਦੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਜਿਨ੍ਹਾਂ ਵਿਚ ਗੇਂਦ 'ਤੇ ਲਾਰ ਲਾਉਣ ਤੋਂ ਮਨ੍ਹਾ ਕੀਤਾ ਗਿਆ ਹੈ, ਨੂੰ ਲਾਗੂ ਕਰ ਸਕਣਾ ਮੁਸ਼ਕਲ ਹੋਵੇਗਾ। ਇਹ ਦਿਸ਼ਾ-ਨਿਰਦੇਸ਼ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ। ਆਈਸੀਸੀ ਨੇ ਕਿਹਾ ਕਿ ਗੇਂਦ ਨੂੰ ਚਮਕਾਉਣ ਲਈ ਸਲਾਈਵਾ ਦਾ ਇਸਤੇਮਾਲ ਨਹੀਂ ਕੀਤਾ ਜਾ ਸਕਦਾ। ਲੀ ਨੇ ਕਿਹਾ ਕਿ ਜਦ ਤੁਸੀਂ ਆਪਣੀ ਪੂਰੀ ਜ਼ਿੰਦਗੀ 8, 9, 10 ਸਾਲ ਇਹੀ ਕਰਦੇ ਆਏ ਹੋ ਤਾਂ ਇਸ ਨੂੰ ਰੋਕਣਾ ਮੁਸ਼ਕਲ ਹੈ। ਆਪਣੀ ਉਂਗਲੀ 'ਤੇ ਲਾਰ ਲਾ ਕੇ ਉਸ ਨਾਲ ਗੇਂਦ ਨੂੰ ਚਮਕਾਉਂਦੇ ਰਹੇ ਗੇਂਦਬਾਜ਼ਾਂ ਲਈ ਇਸ ਨੂੰ ਭੁਲਾ ਸਕਣਾ ਸੌਖਾ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਇਕ ਦੋ ਵਾਰ ਅਜਿਹਾ ਕਰਨ ਜਾਂ ਇਸ ਤੋਂ ਇਲਾਵਾ ਵੀ ਆਈਸੀਸੀ ਨੂੰ ਥੋੜ੍ਹੀ ਨਰਮੀ ਵਰਤਣੀ ਪਵੇਗੀ। ਕੁਝ ਮਾਮਲਿਆਂ ਵਿਚ ਸਿਰਫ਼ ਚਿਤਾਵਨੀ ਦੇ ਕੇ ਛੱਡਣਾ ਪਵੇਗਾ।