ਸੁਸ਼ੀਲ ਭਾਟੀਆ, ਫਰੀਦਾਬਾਦ : ਰਾਹੁਲ ਤੇਵਤੀਆ ਦੀ ਸਫਲਤਾ 'ਚ ਉਨ੍ਹਾਂ ਦੇ ਕੋਚ ਵਿਜੇ ਯਾਦਵ ਦੀ ਸਲਾਹ ਤੇ ਸਖ਼ਤ ਮਿਹਨਤ ਵੀ ਲੁਕੀ ਹੈ। ਸੈਕਟਰ-11 'ਚ ਵਿਜੇ ਯਾਦਵ ਕ੍ਰਿਕਟ ਅਕੈਡਮੀ 'ਚ ਸਿਰਫ ਅੱਠ ਸਾਲ ਦੀ ਉਮਰ ਤੋਂ ਸਾਬਕਾ ਟੈਸਟ ਕ੍ਰਿਕਟਰ ਵਿਜੇ ਯਾਦਵ ਨਾਲ ਕ੍ਰਿਕਟ ਦੀਆਂ ਬਰੀਕੀਆਂ ਸਿੱਖਣ ਵਾਲੇ ਤੇਵਤੀਆ ਨੇ ਆਪਣੀ ਖੇਡ ਦੀ ਸ਼ੁਰੂਆਤ ਲੈੱਗ ਸਪਿਨਰ ਵਜੋਂ ਕੀਤੀ ਸੀ। ਜਿਵੇਂ-ਜਿਵੇਂ ਰਾਹੁਲ ਸਿੱਖਦੇ ਗਏ, ਉਨ੍ਹਾਂ ਦੀ ਗੇਂਦਬਾਜ਼ੀ 'ਚ ਨਿਖਾਰ ਆਉਂਦਾ ਗਿਆ। ਰਾਹੁਲ ਥੋੜੀ ਬਹੁਤ ਬੱਲੇਬਾਜ਼ੀ ਵੀ ਕਰ ਲੈਂਦੇ ਸਨ। ਇਹੀ ਕਾਰਨ ਸੀ ਕਿ ਉਨ੍ਹਾਂ ਨੂੰ ਬੱਲੇਬਾਜ਼ੀ 'ਤੇ ਮਿਹਨਤ ਕਰਨ ਲਈ ਕਿਹਾ ਗਿਆ। ਯਾਦਵ ਨੇ ਤੇਵਤੀਆ ਦੇ ਰਾਜਸਥਾਨ ਰਾਇਲਜ਼ ਦਾ ਹਿੱਸਾ ਬਣਨ ਦੀ ਰੋਚਕ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਤੇਵਤੀਆ ਨੇ ਹਰਿਆਣਾ ਅੰਡਰ-22 ਟੀਮ 'ਚ ਕਰਨਾਟਕ ਖ਼ਿਲਾਫ਼ ਮੈਚ 'ਚ 90 ਦੌੜਾਂ ਦੀ ਪਾਰੀ ਖੇਡੀ ਸੀ। ਦ੍ਰਾਵਿੜ ਨੇ ਯਾਦਵ ਨੂੰ ਫੋਨ ਕਰ ਕੇ ਕਿਹਾ ਸੀ ਕਿ ਉਹ ਤੇਵਤੀਆ ਨੂੰ ਰਾਜਸਥਾਨ ਰਾਇਲਜ਼ ਦੀ ਟੀਮ 'ਚ ਸ਼ਾਮਲ ਕਰਨਗੇ, ਉਸ ਨੂੰ ਕਿਤੇ ਜਾਣ ਨਾ ਦੇਣਾ। ਉਦੋਂ 2014 'ਚ ਤੇਵਤੀਆ ਰਾਜਸਥਾਨ ਟੀਮ ਦਾ ਹਿੱਸਾ ਬਣੇ, ਬਾਅਦ 'ਚ ਉਹ ਕਿੰਗਜ਼ ਇਲੈਵਨ ਪੰਜਾਬ, ਫਿਰ ਦਿੱਲੀ ਕੈਪੀਟਲਸ 'ਚ ਸ਼ਾਮਲ ਹੋਣ ਤੋਂ ਬਾਅਦ ਮੁੜ ਤੋਂ ਰਾਜਸਥਾਨ ਰਾਇਲਜ਼ 'ਚ ਵਾਪਸ ਆਏ।