ਸਾਊਥੈਂਪਟਨ (ਪੀਟੀਆਈ) : ਸਾਊਥੈਂਪਟਨ ਦੇ ਰੋਜ਼ ਬਾਊਲ ਮੈਦਾਨ ਦੇ ਮੁੱਖ ਕਿਊਰੇਟਰ ਸਾਈਮਨ ਲੀ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ) ਫਾਈਨਲ ਲਈ ਤੇਜ਼ ਅਤੇ ਉਛਾਲ ਵਾਲੀ ਪਿੱਚ ਤਿਆਰ ਕਰਨਾ ਚਾਹੁੰਦੇ ਹਨ, ਜਿਸ ਵਿਚ ਬਾਅਦ ’ਚ ਸਪਿੰਨਰਾਂ ਨੂੰ ਵੀ ਕੁਝ ਮਦਦ ਮਿਲੇਗੀ।

ਲੀ ਨੇ ਕਿਹਾ, ‘ਇਸ ਟੈਸਟ ਲਈ ਪਿੱਚ ਤਿਆਰ ਕਰਨਾ ਥੋੜ੍ਹਾ ਆਸਾਨ ਹੈ, ਕਿਉਂਕਿ ਇਹ ਇਕ ਵੱਖਰਾ ਸਥਾਨ ਹੈ। ਸਾਨੂੰ ਆਈਸੀਸੀ ਦੇ ਨਿਰਦੇਸ਼ਾਂ ਦਾ ਪਾਲਣਾ ਕਰਨਾ ਹੈ, ਪਰ ਅਸੀਂ ਚੰਗੀ ਪਿੱਚ ਤਿਆਰ ਕਰਨਾ ਚਾਹੁੰਦੇ ਹਾਂ ਜਿਸ ਵਿਚ ਦੋਵੇਂ ਟੀਮਾਂ ਵਿਚਾਲੇ ਬਰਾਬਰੀ ਦਾ ਮੁਕਾਬਲਾ ਹੋਵੇ। ਹਾਲਾਂਕਿ, ਨਿੱਜੀ ਤੌਰ ’ਤੇ ਮੈਂ ਅਜਿਹੀ ਪਿੱਚ ਤਿਆਰ ਕਰਨਾ ਚਾਹੁੰਦਾ ਹਾਂ, ਜਿਸ ਵਿਚ ਰਫ਼ਤਾਰ ਤੇ ਉਛਾਲ ਹੋਵੇ। ਰਫ਼ਤਾਰ ਲਾਲ ਗੇਂਦ ਦੀ ਕ੍ਰਿਕਟ ਨੂੰ ਰੋਮਾਂਚਕ ਬਣਾਉਂਦੀ ਹੈ। ਮੈਂ ਕ੍ਰਿਕਟ ਪ੍ਰਸ਼ੰਸਕ ਹਾਂ ਅਤੇ ਮੈਂ ਅਜਿਹੀ ਪਿੱਚ ਤਿਆਰ ਕਰਨਾ ਚਾਹੁੰਦਾ ਹਾਂ ਜਿਸ ਵਿਚ ਕ੍ਰਿਕਟ ਪ੍ਰੇਮੀ ਹਰੇਕ ਗੇਂਦ ਦੇਖਣਾ ਚਾਹੁੰਦਾ ਹੋਵੇ, ਭਾਵੇਂ ਉਹ ਸ਼ਾਨਦਾਰ ਬੱਲੇਬਾਜ਼ੀ ਹੋਵੇ ਜਾਂ ਗੇਂਦਬਾਜ਼ੀ ’ਚ ਬਿਹਤਰੀਨ ਸਪੈੱਲ।’ ਉਥੇ ਸਪਿੰਨ ਗੇਂਦਬਾਜ਼ਾਂ ਨੂੰ ਪਿੱਚ ਤੋਂ ਮਦਦ ਮਿਲਣ ਦੇ ਬਾਰੇ ਵਿਚ ਲੀ ਨੇ ਕਿਹਾ, ‘ਮੌਸਮ ਦੀ ਭਵਿੱਖਵਾਣੀ ਚੰਗੀ ਹੈ ਅਤੇ ਇੱਥੇ ਪਿੱਚਾਂ ਬਹੁਤ ਛੇਤੀ ਖੁਸ਼ਕ ਪੈ ਜਾਂਦੀਆਂ ਹਨ ਕਿਉਂਕਿ ਇੱਥੋਂ ਦੀ ਮਿੱਟੀ ’ਚ ਥੋੜ੍ਹੀ ਬੱਜਰੀ ਵੀ ਹੈ। ਇਸ ਨਾਲ ਸਪਿੰਨ ਹਾਸਲ ਕਰਨ ਵਿਚ ਵੀ ਮਦਦ ਮਿਲਦੀ ਹੈ।’ ਡਬਲਯੂਟੀਸੀ ਫਾਈਨਲ 18 ਜੂਨ ਤੋਂ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਇੰਗਲੈਂਡ ਦੇ ਸਾਊਥੈਂਪਟਨ ’ਚ ਖੇਡਿਆ ਜਾਵੇਗਾ।

Posted By: Susheel Khanna