ਕੇਪਟਾਊਨ (ਪੀਟੀਆਈ) : ਤੇਜ਼ ਗੇਂਦਬਾਜ਼ਾਂ ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ ਤੇ ਉਮੇਸ਼ ਯਾਦਵ ਨੇ ਸ਼ਾਨਦਾਰ ਗੇਂਦਬਾਜ਼ੀ ਕਰਕੇ ਭਾਰਤ ਦੀ ਇੱਥੇ ਬੁੱਧਵਾਰ ਨੂੰ ਤੀਜੇ ਤੇ ਆਖ਼ਰੀ ਟੈਸਟ ਦੇ ਦੂਜੇ ਦਿਨ ਦੱਖਣੀ ਅਫਰੀਕਾ ਖ਼ਿਲਾਫ਼ ਵਾਪਸੀ ਕਰਵਾਈ। ਬੁਮਰਾਹ ਨੇ ਪੰਜ ਵਿਕਟਾਂ ਹਾਸਲ ਕੀਤੀਆਂ ਤੇ ਸ਼ਮੀ ਨੇ ਤਿੰਨ ਗੇਂਦਾਂ ਅੰਦਰ ਦੋ ਵਿਕਟਾਂ ਕੱਢੀਆਂ ਜਿਸ ਨਾਲ ਦੱਖਣੀ ਅਫਰੀਕਾ ਦੀ ਟੀਮ 210 ਦੌੜਾਂ 'ਤੇ ਸਿਮਟ ਗਈ। ਭਾਰਤ ਨੇ ਪਹਿਲੀ ਪਾਰੀ ਵਿਚ 223 ਦੌੜਾਂ ਬਣਾਈਆਂ ਸਨ ਤੇ ਇਸ ਤਰ੍ਹਾਂ ਮਹਿਮਾਨਾਂ ਨੂੰ 13 ਦੌੜਾਂ ਦੀ ਬੜ੍ਹਤ ਵੀ ਮਿਲ ਗਈ ਹੈ। ਦੱਖਣੀ ਅਫਰੀਕਾ ਦੀ ਬੜ੍ਹਤ ਦੀ ਉਮੀਦ ਆਖ਼ਰ 'ਚ ਮਾਰਕੋ ਜੇਨਸੇਨ ਤੇ ਕੀਗਨ ਪੀਟਰਸਨ ਦੇ ਮੋਢਿਆਂ 'ਤੇ ਸੀ ਪਰ ਬੁਮਰਾਹ ਨੇ ਦੋਵਾਂ ਬੱਲੇਬਾਜ਼ਾਂ ਨੂੰ ਆਊਟ ਕਰਕੇ ਮੇਜ਼ਬਾਨਾਂ ਦੀ ਵੱਡੀ ਬੜ੍ਹਤ ਲੈਣ ਦੀਆਂ ਉਮੀਦਾਂ ਤੋੜ ਦਿੱਤੀਆਂ। ਪੀਟਰਸਨ ਨੇ 166 ਗੇਂਦਾਂ ਵਿਚ 72 ਦੌੜਾਂ ਦੀ ਪਾਰੀ ਖੇਡੀ ਜਿਸ ਵਿਚ ਨੌਂ ਚੌਕੇ ਸ਼ਾਮਲ ਰਹੇ। ਉਥੇ ਜੇਨਸੇਨ 26 ਗੇਂਦਾਂ ਵਿਚ ਸੱਤ ਦੌੜਾਂ ਹੀ ਬਣਾ ਸਕੇ।