ਕੋਲਕਾਤਾ (ਜੇਐੱਨਐੱਨ) : ਲਾਕਡਾਊਨ ਤੋਂ ਬਾਅਦ ਜਦ ਬੰਗਾਲ ਦੇ ਕ੍ਰਿਕਟਰ ਮੈਦਾਨ 'ਚ ਵਾਪਸੀ ਕਰਨਗੇ ਤਾਂ ਉਨ੍ਹਾਂ ਦੀ ਫਿਟਨੈੱਸ ਨਾਲ ਅੱਖਾਂ ਦੀ ਵੀ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ। ਬੰਗਾਲ ਕ੍ਰਿਕਟ ਸੰਘ (ਕੈਬ) ਨੇ ਆਪਣੇ ਖਿਡਾਰੀਆਂ ਦੀਆਂ ਅੱਖਾਂ ਦੀ ਜਾਂਚ ਨੂੰ ਜ਼ਰੂਰੀ ਕਰ ਦਿੱਤਾ ਹੈ। ਅਜਿਹਾ ਕਰਨ ਵਾਲਾ ਉਹ ਦੇਸ਼ ਦਾ ਪਹਿਲਾ ਕ੍ਰਿਕਟ ਸੰਘ ਹੈ। ਸਾਬਕਾ ਕ੍ਰਿਕਟਰ ਤੇ ਬੰਗਾਲ ਰਣਜੀ ਟੀਮ ਦੇ ਮੌਜੂਦਾ ਮੁੱਖ ਕੋਚ ਅਰੁਣ ਲਾਲ ਦੀ ਸਲਾਹ 'ਤੇ ਕੈਬ ਨੇ ਇਹ ਕਦਮ ਉਠਾਇਆ ਹੈ। ਅਰੁਣ ਲਾਲ ਨੇ ਜਾਗਰਣ ਨਾਲ ਗੱਲਬਾਤ ਵਿਚ ਕਿਹਾ ਕਿ ਕ੍ਰਿਕਟ ਦੀ ਖੇਡ ਵਿਚ ਚੰਗੀ ਨਜ਼ਰ ਬਹੁਤ ਅਹਿਮ ਹੈ। ਖਿਡਾਰੀ ਲਾਕਡਾਊਨ ਤੋਂ ਬਾਅਦ ਲੰਬੇ ਸਮੇਂ ਬਾਅਦ ਮੈਦਾਨ 'ਚ ਮੁੜਨਗੇ ਇਸ ਲਈ ਉਨ੍ਹਾਂ ਦੀਆਂ ਅੱਖਾਂ ਦੀ ਜਾਂਚ ਵੀ ਜ਼ਰੂਰੀ ਹੈ। ਉਮਰ ਦੇ ਲਿਹਾਜ਼ ਨਾਲ ਵੀ ਇਹ ਮਹੱਤਵਪੂਰਨ ਹੈ ਕਿਉਂਕਿ ਬੰਗਾਲ ਵਿਚ 30 ਸਾਲ ਤੋਂ ਜ਼ਿਆਦਾ ਉਮਰ ਦੇ ਕਈ ਖਿਡਾਰੀ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸੋਮਵਾਰ ਨੂੰ ਕੈਬ ਦੇ ਅਹੁਦੇਦਾਰਾਂ ਤੇ ਬੰਗਾਲ ਟੀਮ ਦੇ ਕੋਚਿੰਗ ਸਟਾਫ ਵਿਚਾਲੇ ਮੀਟਿੰਗ ਹੋਈ ਸੀ ਜਿਸ ਵਿਚ ਕੋਚ ਅਰੁਣ ਲਾਲ ਨੇ ਖਿਡਾਰੀਆਂ ਦੀ ਅੱਖਾਂ ਦੀ ਜਾਂਚ ਦਾ ਪ੍ਰਸਤਾਵ ਰੱਖਿਆ ਸੀ ਜਿਸ ਨੂੰ ਸਰਬਸੰਮਤੀ ਨਾਲ ਮੰਨ ਲਿਆ ਗਿਆ। ਅਰੁਣ ਲਾਲ ਦਾ ਮੰਨਣਾ ਹੈ ਕਿ ਇਸ ਨਾਲ ਬੱਲੇਬਾਜ਼ਾਂ ਨੂੰ ਫ਼ਾਇਦਾ ਮਿਲੇਗਾ, ਖ਼ਾਸ ਕਰ ਕੇ ਨਵੀਂ ਗੇਂਦ ਖ਼ਿਲਾਫ਼। ਕੈਬ ਇਸ ਪ੍ਰਸਤਾਵ ਨੂੰ ਅੱਗੇ ਵਧਾਉਂਦੇ ਹੋਏ ਅੱਖਾਂ ਦੀ ਮਾਹਿਰ ਤੇ ਆਪਣੀ ਡਾਕਟਰੀ ਕਮੇਟੀ ਦੀ ਮੈਂਬਰ ਨੰਦਿਨੀ ਰਾਏ ਨਾਲ ਸਲਾਹ ਕਰੇਗਾ। ਪ੍ਰੀ-ਸੀਜ਼ਨ ਕੈਂਪ ਦੌਰਾਨ ਖਿਡਾਰੀਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਜਾਵੇਗੀ। ਕੈਬ ਦੇ ਪ੍ਰਧਾਨ ਅਭਿਸ਼ੇਕ ਡਾਲਮੀਆ ਨੇ ਕਿਹਾ ਕਿ ਨਜ਼ਰ ਬਹੁਤ ਮਹੱਤਵਪੂਰਨ ਪਹਿਲੂ ਹੈ, ਜੋ ਚੌਕਸੀ ਦੇ ਮਾਮਲੇ ਵਿਚ ਵੱਡੀ ਭੂਮਿਕਾ ਨਿਭਾਉਂਦੀ ਹੈ ਇਸ ਲਈ ਇਹ ਕਦਮ ਉਠਾਇਆ ਜਾ ਰਿਹਾ ਹੈ। ਡਾਲਮੀਆ ਨੇ ਹਾਲਾਂਕਿ ਇਹ ਵੀ ਕਿਹਾ ਕਿ ਸਿਖਲਾਈ ਮੁੜ ਸ਼ੁਰੂ ਕਰਨ ਲਈ ਅਜੇ ਕੋਈ ਤਰੀਕ ਤੈਅ ਨਹੀਂ ਕੀਤੀ ਗਈ ਹੈ। ਸਾਬਕਾ ਭਾਰਤੀ ਵਿਕਟਕੀਪਰ ਦੀਪ ਦਾਸ ਗੁਪਤਾ ਨੇ ਇਸ ਨੂੰ ਚੰਗਾ ਕਦਮ ਦੱਸਿਆ ਹੈ।

ਖੇਡ 'ਤੇ ਪੈ ਸਕਦਾ ਹੈ ਅਸਰ : ਮੁਖਰਜੀ

ਬੰਗਾਲ ਟੀਮ ਦੀਆਂ ਸੰਚਾਲਨ ਸਰਗਰਮੀਆਂ ਦੇ ਮੈਨੇਜਰ ਜੈਅਦੀਪ ਮੁਖਰਜੀ ਨੇ ਕਿਹਾ ਕਿ ਖਿਡਾਰੀਆਂ ਦੀ ਜਾਣਕਾਰੀ ਤੋਂ ਬਿਨਾਂ ਉਨ੍ਹਾਂ ਦੀਆਂ ਅੱਖਾਂ ਦੀ ਰੋਸ਼ਨੀ ਪ੍ਰਭਾਵਿਤ ਹੋ ਸਕਦੀ ਹੈ ਜਿਸ ਨਾਲ ਉਨ੍ਹਾਂ ਦੀ ਖੇਡ 'ਤੇ ਬਹੁਤ ਅਸਰ ਪੈ ਸਕਦਾ ਹੈ ਇਸ ਲਈ ਸੀਨੀਅਰ ਤੇ ਅੰਡਰ-23 ਟੀਮਾਂ ਦੇ ਖਿਡਾਰੀਆਂ ਦੀਆਂ ਅੱਖਾਂ ਦੀ ਜਾਂਚ ਜ਼ਰੂਰੀ ਕੀਤੀ ਗਈ ਹੈ ਤੇ ਇਹ ਅੰਡਰ-19 ਕ੍ਰਿਕਟਰਾਂ ਦੇ ਮਾਮਲੇ ਵਿਚ ਵੀ ਦੇਖਣ ਨੂੰ ਮਿਲ ਸਕਦਾ ਹੈ। ਅਸੀਂ ਇਸ ਮਾਮਲੇ 'ਤੇ ਬੀਸੀਸੀਆਈ ਦੇ ਦਿਸ਼ਾ ਨਿਰਦੇਸ਼ਾਂ ਦੀ ਉਡੀਕ ਕਰ ਰਹੇ ਹਾਂ ਹਾਲਾਂਕਿ ਸਾਡੇ ਆਪਣੇ ਦਿਸ਼ਾ-ਨਿਰਦੇਸ਼ ਵੀ ਹਨ। ਖਿਡਾਰੀਆਂ ਦੀ ਸੁਰੱਖਿਆ ਸਾਡੇ ਲਈ ਤਰਜੀਹ ਹੈ।

ਤਿੰਨ ਮਹੀਨੇ ਬਾਅਦ ਜਾਂਚ ਕਰਵਾਉਂਦੀ ਹੈ ਭਾਰਤੀ ਕ੍ਰਿਕਟ ਟੀਮ

ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਬੀਤੇ ਤਿੰਨ ਸਾਲ ਤੋਂ ਆਪਣੇ ਖਿਡਾਰੀਆਂ ਦੀਆਂ ਅੱਖਾਂ ਦੀ ਜਾਂਚ ਕਰਵਾਉਂਦੀ ਆਈ ਹੈ। ਬੀਸੀਸੀਆਈ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਹ ਸੀਏਬੀ ਵੱਲੋਂ ਚੰਗੀ ਪਹਿਲ ਹੈ ਪਰ ਬੀਸੀਸੀਆਈ ਬੀਤੇ ਤਿੰਨ ਸਾਲ ਤੋਂ ਹਰ ਤਿਮਾਹੀ ਵਿਚ ਆਪਣੇ ਖਿਡਾਰੀਆਂ ਦੀਆਂ ਅੱਖਾਂ ਦੀ ਜਾਂਚ ਕਰਵਾ ਰਹੀ ਹੈ।