ਭਾਰਤ ਲਈ 35 ਟੈਸਟ ਤੇ 59 ਵਨ ਡੇ ਮੈਚ ਖੇਡਣ ਵਾਲੇ ਖੱਬੇ ਹੱਥ ਦੇ ਸਾਬਕਾ ਸਪਿੰਨਰ ਮਨਿੰਦਰ ਸਿੰਘ ਦਾ ਮੰਨਣਾ ਹੈ ਕਿ ਸਾਊਥੈਂਪਟਨ ਵਿਚ ਹੋਣ ਵਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ) ਫਾਈਨਲ ਵਿਚ ਭਾਰਤ ਨੂੰ ਆਪਣੇ ਦੋਵਾਂ ਸਪਿੰਨਰਾਂ ਰਵਿੰਦਰ ਜਡੇਜਾ ਤੇ ਰਵੀਚੰਦਰਨ ਅਸ਼ਵਿਨ ਨਾਲ ਉਤਰਨਾ ਚਾਹੀਦਾ ਹੈ। ਮਨਿੰਦਰ ਸਿੰਘ ਨਾਲ ਸ਼ੁਭਮ ਪਾਂਡੇ ਨੇ ਕਈ ਮੁੱਦਿਆਂ 'ਤੇ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ :

-ਡਬਲਯੂਟੀਸੀ ਖ਼ਿਤਾਬ ਲਈ ਕਿਸ ਨੂੰ ਮੁੱਖ ਦਾਅਵੇਦਾਰ ਮੰਨਦੇ ਹੋ?

-ਮੇਰੇ ਵਿਚਾਰ ਨਾਲ ਇਹ ਮੁਕਾਬਲਾ ਬਰਾਬਰੀ ਦਾ ਹੋਵੇਗਾ। ਨਿਊਜ਼ੀਲੈਂਡ ਨੇ ਪਿਛਲੇ ਦਿਨੀਂ ਇੰਗਲੈਂਡ ਖ਼ਿਲਾਫ਼ ਕਾਫੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਥੇ ਭਾਰਤੀ ਟੀਮ ਵੀ ਕਾਫੀ ਸੰਤੁਲਿਤ ਨਜ਼ਰ ਆ ਰਹੀ ਹੈ। ਇਸ ਕਾਰਨ ਕਿਸੇ ਇਕ ਨੂੰ ਮੁੱਖ ਦਾਅਵੇਦਾਰ ਨਹੀਂ ਮੰਨਿਆ ਜਾ ਸਕਦਾ।

-ਡਬਲਯੂਟੀਸੀ ਫਾਈਨਲ ਵਿਚ ਟੀਮ ਇੰਡੀਆ ਨੂੰ ਕਿਸ ਸਪਿੰਨਰ ਨਾਲ ਉਤਰਨਾ ਚਾਹੀਦਾ ਹੈ?

-ਮੇਰੇ ਖ਼ਿਆਲ ਨਾਲ ਜਿਸ ਤਰ੍ਹਾਂ ਦਾ ਗਰਮ ਮੌਸਮ ਹੈ ਉਸ ਨਾਲ ਭਾਰਤ ਨੂੰ ਅਸ਼ਵਿਨ ਤੇ ਜਡੇਜਾ ਨਾਲ ਉਤਰਨਾ ਚਾਹੀਦਾ ਹੈ ਕਿਉਂਕਿ ਮੈਚ ਵਿਚ ਪਹਿਲੇ ਦਿਨ ਨਹੀਂ ਤਾਂ ਚੌਥੇ ਤੇ ਪੰਜਵੇਂ ਦਿਨ ਸਪਿੰਨਰਾਂ ਨੂੰ ਜ਼ਰੂਰ ਮਦਦ ਮਿਲੇਗੀ। ਜਡੇਜਾ ਤੇ ਅਸ਼ਵਿਨ ਦੀ ਕਾਬਲੀਅਤ 'ਤੇ ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ ਪਰ ਸਪਿੰਨਰਾਂ ਨੂੰ ਵਿਦੇਸ਼ੀ ਪਿੱਚਾਂ 'ਤੇ ਮੌਕਾ ਘੱਟ ਮਿਲਦਾ ਹੈ ਕਿਉਂਕਿ ਟੀਮਾਂ ਜ਼ਿਆਦਾਤਰ ਤੇਜ਼ ਗੇਂਦਬਾਜ਼ਾਂ 'ਤੇ ਯਕੀਨ ਕਰਨ ਲਗਦੀਆਂ ਹਨ। ਇਹ ਦੋਵੇਂ ਗੇਂਦਬਾਜ਼ ਸ਼ਾਨਦਾਰ ਹਨ।

-ਅਕਸ਼ਰ ਪਟੇਲ ਨੇ ਪਿਛਲੇ ਦਿਨੀਂ ਘਰੇਲੂ ਸੀਰੀਜ਼ ਵਿਚ ਸਿੱਧੀਆਂ ਗੇਂਦਾਂ ਨਾਲ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਕਾਫੀ ਪਰੇਸ਼ਾਨ ਕੀਤਾ ਸੀ। ਇਸ ਕਾਰਨ ਤੁਹਾਨੂੰ ਕੀ ਲਗਦਾ ਹੈ ਕਿ ਉਹ ਇੰਗਲੈਂਡ ਦੀਆਂ ਪਿੱਚਾਂ 'ਤੇ ਕਿੰਨੇ ਕਾਰਗਰ ਸਾਬਤ ਹੋ ਸਕਦੇ ਹਨ?

-ਮੈਂ ਅਕਸ਼ਰ ਪਟੇਲ ਨੂੰ ਅਜੇ ਤਕ ਸਪਿੰਨਰਾਂ ਦੀਆਂ ਮਦਦਗਾਰ ਪਿੱਚਾਂ 'ਤੇ ਗੇਂਦਬਾਜ਼ੀ ਕਰਦੇ ਦੇਖਿਆ ਹੈ। ਇੰਗਲੈਂਡ ਦੀਆਂ ਪਿੱਚਾਂ 'ਤੇ ਉਨ੍ਹਾਂ ਨੂੰ ਇੰਨੀ ਵੱਧ ਮਦਦ ਨਹੀਂ ਮਿਲੇਗੀ ਕਿਉਂਕਿ ਹਰ ਇਕ ਗੇਂਦ ਘੁੰਮੇਗੀ ਨਹੀਂ ਜਿਸ ਨਾਲ ਉਨ੍ਹਾਂ ਦੀਆਂ ਸਿੱਧੀਆਂ ਗੇਂਦਾਂ ਜੋ ਹਨ ਉਹ ਓਨੀਆਂ ਅਸਰਦਾਰ ਸਾਬਤ ਨਹੀਂ ਨਜ਼ਰ ਆਉਣਗੀਆਂ। ਇਸ ਤਰ੍ਹਾਂ ਦੀ ਗੇਂਦ ਟਰਨਿੰਗ ਟ੍ਰੈਕ 'ਤੇ ਹੀ ਕਾਫੀ ਕਾਰਗਰ ਸਾਬਤ ਹੋ ਸਕਦੀ ਹੈ। ਪਰ ਇਕ ਚੀਜ਼ ਦਾ ਅੱਜਕਲ੍ਹ ਸਪਿੰਨਰਾਂ ਨੂੰ ਕਾਫੀ ਫ਼ਾਇਦਾ ਮਿਲ ਰਿਹਾ ਹੈ। ਉਹ ਇਹ ਹੈ ਕਿ ਹੁਣ ਤਕਨੀਕ ਦੇ ਆ ਜਾਣ ਨਾਲ ਸਪਿੰਨਰਾਂ ਨੂੰ ਫਰੰਟ ਫੁੱਟ 'ਤੇ ਵੀ ਲੱਤ ਅੜਿੱਕਾ ਵਿਕਟ ਹਾਸਲ ਹੋ ਰਹੇ ਹਨ। ਸਾਡੇ ਸਮੇਂ ਵਿਚ ਜਦ ਗੇਂਦ ਫ੍ੰਟ ਫੁੱਟ 'ਤੇ ਲਗਦੀ ਸੀ ਤਾਂ ਅੰਪਾਇਰ ਸਿੱਧਾ ਨਾਟਆਊਟ ਦੇ ਦਿੰਦੇ ਸਨ। ਇਸ ਕਾਰਨ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਅਕਸ਼ਰ ਉਥੇ ਕਿਹੋ ਜਿਹੀ ਗੇਂਦਬਾਜ਼ੀ ਕਰਦੇ ਹਨ।

-ਗੁੱਟ ਦੇ ਸਪਿੰਨਰ ਕੁਲਦੀਪ ਯਾਦਵ ਇੰਗਲੈਂਡ ਦੌਰੇ ਦੀ ਟੈਸਟ ਟੀਮ ਵਿਚ ਨਹੀਂ ਹਨ। ਕੀ ਟੈਸਟ ਕ੍ਰਿਕਟ ਵਿਚ ਗੁੱਟ ਦੇ ਸਪਿੰਨਰਾਂ ਦੀ ਭੂਮਿਕਾ ਹੁਣ ਅਹਿਮ ਨਹੀਂ ਰਹੀ ?

-ਨਹੀਂ, ਅਜਿਹਾ ਬਿਲਕੁਲ ਨਹੀਂ ਹੈ। ਅਨਿਲ ਕੁੰਬਲੇ, ਸ਼ੇਨ ਵਾਰਨ ਵਰਗੇ ਗੇਂਦਬਾਜ਼ਾਂ ਨੇ ਕਮਾਲ ਕਰ ਕੇ ਦਿਖਾਇਆ ਹੈ। ਪਰ ਕੁਲਦੀਪ ਅੰਦਰ ਕੁਝ ਤਕਨੀਕੀ ਕਮੀਆਂ ਸਨ ਤੇ ਉਨ੍ਹਾਂ ਨੇ ਉਸ 'ਤੇ ਬਿਲਕੁਲ ਕੰਮ ਨਹੀਂ ਕੀਤਾ। ਇਨ੍ਹੀਂ ਦਿਨੀਂ ਅੰਤਰਰਾਸ਼ਟਰੀ ਕ੍ਰਿਕਟ ਵਿਚ ਇੰਨਾ ਜ਼ਿਆਦਾ ਵੀਡੀਓ ਵਿਸ਼ਲੇਸ਼ਣ ਹੁੰਦਾ ਹੈ ਜਿਸ ਨਾਲ ਉਹ ਫੜ ਲਏ ਗਏ ਤੇ ਉਨ੍ਹਾਂ ਵਿਚ ਆਤਮ ਵਿਸ਼ਵਾਸ ਵੀ ਨਜ਼ਰ ਨਹੀਂ ਆ ਰਿਹਾ ਹੈ। ਟੀਮ ਇੰਡੀਆ ਵਿਚ ਕੋਈ ਸਪਿੰਨ ਗੇਂਦਬਾਜ਼ੀ ਦਾ ਕੋਚ ਨਹੀਂ ਹੈ ਤੇ ਤੇਜ਼ ਗੇਂਦਬਾਜ਼ੀ ਦਾ ਕੋਚ ਇੰਨੀ ਵਧੀਆ ਸਲਾਹ ਦੇ ਨਹੀਂ ਸਕਦਾ। ਇੱਥੇ ਤਕ ਕਿ ਉਨ੍ਹਾਂ ਦੇ ਘਰੇਲੂ ਕੋਚ ਨੇ ਵੀ ਉਨ੍ਹਾਂ ਦੀ ਤਕਨੀਕੀ ਕਮੀ 'ਤੇ ਅਜੇ ਤਕ ਕੰਮ ਨਹੀਂ ਕੀਤਾ ਹੈ। ਮੇਰੀ ਪਿਛਲੇ ਦਿਨੀਂ ਉਨ੍ਹਾਂ ਨਾਲ ਗੱਲ ਹੋਈ ਸੀ ਤੇ ਆਈਪੀਐੱਲ ਤੋਂ ਬਾਅਦ ਅਸੀਂ ਮਿਲਣਾ ਸੀ ਪਰ ਕੋਰੋਨਾ ਕਾਰਨ ਇਹ ਸੰਭਵ ਨਹੀਂ ਹੋ ਸਕਿਆ। ਉਹ ਮੈਚ ਜੇਤੂ ਗੇਂਦਬਾਜ਼ ਹਨ ਤੇ ਉਨ੍ਹਾਂ ਨੇ ਟੀਮ ਇੰਡੀਆ ਲਈ ਕਾਫੀ ਲੰਬੇ ਸਮੇਂ ਤਕ ਖੇਡਣਾ ਹੈ।

-ਇੰਗਲੈਂਡ ਖ਼ਿਲਾਫ਼ ਸੀਰੀਜ਼ ਲਈ ਭਾਰਤੀ ਟੀਮ ਨੂੰ ਕਿਵੇਂ ਦੇਖਦੇ ਹੋ?

-ਪਿਛਲੇ ਇੰਗਲੈਂਡ ਦੌਰੇ ਵਿਚ ਅਸੀਂ ਦੇਖਿਆ ਸੀ ਕਿ ਲੜਦੇ-ਲੜਦੇ ਅਸੀਂ ਕਿਤੇ ਨਾ ਕਿਤੇ ਪਿੱਛੇ ਰਹਿ ਜਾਂਦੇ ਸੀ। ਇਹ ਚੀਜ਼ ਆਸਟ੍ਰੇਲੀਆ ਵਿਚ ਦੇਖਣ ਨੂੰ ਨਹੀਂ ਮਿਲੀ ਸੀ। ਇਸ ਲਈ ਤੁਹਾਨੂੰ ਆਪਣੇ ਸਪਿੰਨਰਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਪਵੇਗਾ ਕਿ ਉਨ੍ਹਾਂ ਨੂੰ ਵਿਕਟਾਂ ਲੈਣ ਲਈ ਟਰਨਿੰਗ ਪਿੱਚਾਂ ਦੀ ਲੋੜ ਨਹੀਂ ਹੈ ਤੇ ਉਹ ਕਿਸੇ ਵੀ ਪਿੱਚ 'ਤੇ ਵਿਕਟਾਂ ਕੱਢ ਸਕਦੇ ਹਨ। ਇਹ ਵਿਸ਼ਵਾਸ ਜੇ ਤੁਸੀਂ ਜਗਾ ਲੈਂਦੇ ਹੋ ਤਾਂ ਤੁਸੀਂ ਮੈਚ ਵਿਚ 20 ਵਿਕਟਾਂ ਲੈ ਕੇ ਜਿੱਤ ਸਕਦੇ ਹੋ। ਉਥੇ ਇੰਗਲੈਂਡ ਦੀ ਟੀਮ ਨੂੰ ਦੇਖੀਏ ਤਾਂ ਉਨ੍ਹਾਂ ਕੋਲ ਜੋ ਰੂਟ ਤੋਂ ਇਲਾਵਾ ਕੋਈ ਵੱਧ ਤਜਰਬੇਕਾਰ ਬੱਲੇਬਾਜ਼ ਨਹੀਂ ਹੈ। ਜ਼ਿਆਦਾਤਰ ਨੌਜਵਾਨ ਖਿਡਾਰੀ ਉਨ੍ਹਾਂ ਦੀ ਬੱਲੇਬਾਜ਼ੀ ਲਾਈਨਅਪ ਵਿਚ ਸ਼ਾਮਲ ਹਨ। ਇਸ ਲਈ ਭਾਰਤ ਕੋਲ ਸੀਰੀਜ਼ ਜਿੱਤਣ ਦਾ ਇਕ ਸ਼ਾਨਦਾਰ ਮੌਕਾ ਵੀ ਹੈ।