ਲੰਡਨ (ਏਪੀ) : ਆਪਣੀ ਸ਼ਾਨਦਾਰ ਅਗਵਾਈ ਯੋਗਤਾ ਨਾਲ ਸੀਮਤ ਓਵਰਾਂ ਦੇ ਫਾਰਮੈਟ ਵਿਚ ਇੰਗਲੈਂਡ ਨੂੰ ਸਿਖਰ 'ਤੇ ਪਹੁੰਚਾਉਣ ਵਾਲੇ ਕਪਤਾਨ ਇਆਨ ਮਾਰਗਨ ਨੇ ਮੰਗਲਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ। ਇੰਗਲੈਂਡ ਦੇ 2015 ਕ੍ਰਿਕਟ ਵਿਸ਼ਵ ਕੱਪ ਵਿਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਮਾਰਗਨ ਟੀਮ ਦੀ ਕਮਾਨ ਸੰਭਾਲਦੇ ਹੋਏ ਚਿੱਟੀ ਗੇਂਦ ਦੇ ਫਾਰਮੈਟ ਵਿਚ ਬੇਖ਼ੌਫ਼ ਤੇ ਹਮਲਾਵਰ ਨਜ਼ਰੀਏ ਨੂੰ ਅਪਣਾ ਕੇ ਟੀਮ ਨੂੰ ਉਚਾਈਆਂ ਤਕ ਲੈ ਗਏ। ਉਨ੍ਹਾਂ ਦੀ ਅਗਵਾਈ ਵਿਚ ਇੰਗਲੈਂਡ 2019 ਵਿਚ ਪਹਿਲੀ ਵਾਰ ਵਨ ਡੇ ਵਿਸ਼ਵ ਕੱਪ ਦਾ ਚੈਂਪੀਅਨ ਬਣਿਆ ਤੇ ਉਨ੍ਹਾਂ ਨੇ ਹਰ ਵੱਡੀ ਟੀਮ ਖ਼ਿਲਾਫ਼ ਸੀਰੀਜ਼ ਵਿਚ ਜਿੱਤ ਦਾ ਸਵਾਲ ਲਿਆ। ਉਨ੍ਹਾਂ ਦੀ ਕਾਮਯਾਬੀ ਦਾ ਫ਼ੀਸਦੀ 60 ਦੇ ਆਲੇ-ਦੁਆਲੇ ਹੈ। ਇੰਗਲੈਂਡ ਦੇ ਕ੍ਰਿਕਟ ਡਾਇਰੈਕਟਰ ਰਾਬ ਕੀ ਨੇ ਕਿਹਾ ਕਿ ਜਿਵੇਂ ਕਿ ਸਾਰੇ ਮਹਾਨ ਖਿਡਾਰੀਆਂ ਤੇ ਕਪਤਾਨਾਂ ਦੇ ਨਾਲ ਹੁੰਦਾ ਹੈ, ੁਉਨ੍ਹਾਂ ਨੇ ਵੀ ਆਪਣੀ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਖੇਡਣ ਦੇ ਤਰੀਕੇ ਨੂੰ ਬਦਲ ਦਿੱਤਾ। ਖੇਡ ਵਿਚ ਉਨ੍ਹਾਂ ਦੀ ਵਿਰਾਸਤ ਆਉਣ ਵਾਲੇ ਕਈ ਸਾਲਾਂ ਤਕ ਮਹਿਸੂਸ ਕੀਤੀ ਜਾਵੇਗੀ। ਮਾਰਗਨ ਦੀ ਅਗਵਾਈ ਵਿਚ ਇੰਗਲੈਂਡ ਦੀ ਟੀਮ ਦੇ ਨਾਂ ਵਨ ਡੇ ਮੈਚਾਂ ਦੇ ਤਿੰਨ ਵੱਡੇ ਸਕੋਰ ਹਨ। ਟੀਮ ਨੇ ਪਿਛਲੇ ਹਫ਼ਤੇ ਹੀ ਨੀਦਰਲੈਂਡ ਖ਼ਿਲਾਫ਼ ਚਾਰ ਵਿਕਟਾਂ 'ਤੇ ਰਿਕਾਰਡ 498 ਦੌੜਾਂ ਬਣਾਈਆਂ ਸਨ।

ਉਹ ਪਿਛਲੇ ਕੁਝ ਸਮੇਂ ਤੋਂ ਬੱਲੇ ਨਾਲ ਦਮਦਾਰ ਪ੍ਰਦਰਸ਼ਨ ਨਹੀਂ ਕਰ ਪਾ ਰਹੇ ਸਨ। ਨੀਦਰਲੈਂਡ ਖ਼ਿਲਾਫ਼ ਪਿਛਲੀ ਸੀਰੀਜ਼ ਦੇ ਸ਼ੁਰੂਆਤੀ ਦੋ ਮੈਚਾਂ ਵਿਚ ਉਹ ਖ਼ਾਤਾ ਨਹੀਂ ਖੋਲ੍ਹ ਸਕੇ ਸਨ ਜਦਕਿ ਤੀਜੇ ਮੈਚ ਵਿਚ ਸੱਟ ਕਾਰਨ ਟੀਮ 'ਚੋਂ ਬਾਹਰ ਰਹੇ। ਇਸ 35 ਸਾਲ ਦੇ ਖਿਡਾਰੀ ਨੇ ਪਿਛਲੇ ਡੇਢ ਸਾਲ ਵਿਚ ਟੀ-20 ਤੇ ਵਨ ਡੇ ਦੀਆਂ 48 ਪਾਰੀਆਂ ਵਿਚ ਸਿਰਫ਼ ਇਕ ਅਰਧ ਸੈਂਕੜਾ ਲਾਇਆ ਹੈ। ਮਾਰਗਨ ਨੇ ਕਿਹਾ ਕਿ ਸੰਨਿਆਸ ਦਾ ਫ਼ੈਸਲਾ ਕਰਨਾ ਸੌਖਾ ਨਹੀਂ ਸੀ ਪਰ ਮੇਰਾ ਮੰਨਣਾ ਹੈ ਕਿ ਮੇਰੇ ਲਈ ਅਜਿਹਾ ਕਰਨ ਦਾ ਸਹੀ ਇਹੀ ਸਮਾਂ ਹੈ। ਮਾਰਗਨ ਇੰਗਲੈਂਡ ਦੀ ਉਸ ਟੀਮ ਦਾ ਵੀ ਹਿੱਸਾ ਸਨ ਜਿਸ ਨੇ 2010 ਵਿਚ ਟੀ-20 ਵਿਸ਼ਵ ਕੱਪ ਦੇ ਰੂਪ ਵਿਚ ਪਹਿਲਾ ਵਿਸ਼ਵ ਖ਼ਿਤਾਬ ਜਿੱਤਿਆ ਸੀ। ਉਨ੍ਹਾਂ ਦੀ ਕਪਤਾਨੀ ਵਿਚ ਟੀਮ 2016 ਵਿਚ ਟੀ-20 ਵਿਸ਼ਵ ਕੱਪ ਦੇ ਫਾਈਨਲ ਵਿਚ ਪੁੱਜੀ ਸੀ। ਮਾਰਗਨ ਦੇ ਨਾਂ ਸਭ ਤੋਂ ਵੱਧ ਵਨ ਡੇ (225) ਤੇ ਟੀ-20 (115) ਮੈਚਾਂ ਦੇ ਨਾਲ ਦੋਵਾਂ ਫਾਰਮੈਟਾਂ ਵਿਚ ਆਪਣੀ ਟੀਮ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਹੈ।

ਇਆਨ ਮਾਰਗਨ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਵਿਚ 16 ਟੈਸਟ ਮੈਚ ਖੇਡੇ ਜਿਸ ਵਿਚ ਉਨ੍ਹਾਂ ਨੇ 700 ਦੌੜਾਂ ਬਣਾਈਆਂ ਤੇ 130 ਦੌੜਾਂ ਉਨ੍ਹਾਂ ਦਾ ਸਰਬੋਤਮ ਸਕੋਰ ਰਿਹਾ। ਉਨ੍ਹਾਂ ਦੀ ਟੈਸਟ ਦੀ ਅੌਸਤ 30.43 ਦੀ ਰਹੀ ਤੇ ਉਨ੍ਹਾਂ ਨੇ ਇਸ ਫਾਰਮੈਟ ਵਿਚ ਦੋ ਸੈਂਕੜੇ ਤੇ ਤਿੰਨ ਅਰਧ ਸੈਂਕੜੇ ਲਾਏ। ਇਸ ਤੋਂ ਇਲਾਵਾ ਵਨ ਡੇ ਵਿਚ ਉਨ੍ਹਾਂ ਨੇ 248 ਮੈਚ ਖੇਡੇ ਤੇ 7701 ਦੌੜਾਂ ਬਣਾਈਆਂ। 148 ਉਨ੍ਹਾਂ ਦਾ ਵਨ ਡੇ ਦਾ ਸਰਬੋਤਮ ਸਕੋਰ ਰਿਹਾ ਤੇ 39.29 ਉਨ੍ਹਾਂ ਦੀ ਅੌਸਤ ਰਹੀ। ਇਸ ਫਾਰਮੈਟ ਵਿਚ ਉਨ੍ਹਾਂ ਨੇ 14 ਸੈਂਕੜੇ ਤੇ 47 ਅਰਧ ਸੈਂਕੜੇ ਲਾਏ। ਸਭ ਤੋਂ ਛੋਟੇ ਫਾਰਮੈਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 115 ਮੈਚਾਂ ਵਿਚ 2458 ਦੌੜਾਂ ਬਣਾਈਆਂ। 91 ਉਨ੍ਹਾਂ ਦਾ ਸਰਬੋਤਮ ਸਕੋਰ ਰਿਹਾ ਤੇ 28.58 ਉਨ੍ਹਾਂ ਦੀ ਅੌਸਤ ਰਹੀ। ਇਸ ਫਾਰਮੈਟ ਵਿਚ ਉਹ ਕੋਈ ਸੈਂਕੜਾ ਨਹੀਂ ਲਾ ਸਕੇ ਜਦਕਿ 14 ਅਰਧ ਸੈਂਕੜੇ ਲਾਉਣ ਵਿਚ ਉਹ ਕਾਮਯਾਬ ਰਹੇ।

Posted By: Gurinder Singh