ਨਵੀਂ ਦਿੱਲੀ (ਪੀਟੀਆਈ) : ਦਿੱਗਜ ਤੇਜ਼ ਗੇਂਦਬਾਜ਼ ਮਾਈਕਲ ਹੋਲਡਿੰਗ ਨੂੰ ਲਗਦਾ ਹੈ ਕਿ ਦਰਸ਼ਕਾਂ ਨਾਲ ਯਕੀਨੀ ਤੌਰ 'ਤੇ ਕਿਸੇ ਰੋਮਾਂਚਕ ਮੁਕਾਬਲੇ ਵਿਚ ਉਤਸ਼ਾਹ ਪੈਦਾ ਹੁੰਦਾ ਹੈ ਪਰ ਕਿਸੇ ਵੀ ਖੇਡ ਵਿਚ ਮਨੋਰੰਜਨ ਉਸ ਦੇ ਪੱਧਰ ਨਾਲ ਹੀ ਤੈਅ ਹੁੰਦਾ ਹੈ, ਜਿਵੇਂ ਇੰਗਲਿਸ਼ ਪ੍ਰੀਮੀਅਰ ਲੀਗ ਵਿਚ ਕੋਵਿਡ-19 ਮਹਾਮਾਰੀ ਤੋਂ ਬਾਅਦ ਬਹਾਲੀ ਤੋਂ ਬਾਅਦ ਦਿਖਾਈ ਦਿੱਤਾ। ਅੰਤਰਰਾਸ਼ਟਰੀ ਕ੍ਰਿਕਟ ਇੰਗਲੈਂਡ ਤੇ ਵੈਸਟਇੰਡੀਜ਼ ਵਿਚਾਲੇ ਓਲਡ ਟ੍ਰੈਫਰਡ ਵਿਚ ਅੱਠ ਜੁਲਾਈ ਤੋਂ ਜੈਵਿਕ ਤੌਰ 'ਤੇ ਸੁਰੱਖਿਅਤ ਮਾਹੌਲ ਵਿਚ ਦਰਸ਼ਕਾਂ ਤੋਂ ਬਿਨਾਂ ਬਹਾਲ ਹੋਵੇਗੀ। ਦਰਸ਼ਕਾਂ ਦੇ ਨਾ ਹੋਣ ਨਾਲ ਕੀ ਕ੍ਰਿਕਟ ਵਿਚ ਓਨਾ ਮਨੋਰੰਜਨ ਤੇ ਮਜ਼ਾ ਨਹੀਂ ਹੋਵੇਗਾ? ਇਸ 'ਤੇ ਹੋਲਡਿੰਗ ਨੇ ਕਿਹਾ ਕਿ ਕਿਸੇ ਵੀ ਖੇਡ ਵਿਚ ਮਨੋਰੰਜਨ ਉਸ ਖੇਡ ਦੇ ਖੇਡਣ ਦੇ ਪੱਧਰ ਨਾਲ ਤੈਅ ਹੁੰਦਾ ਹੈ, ਸਟੈਂਡ ਵਿਚ ਜੋ ਕੁਝ ਹੋ ਰਿਹਾ ਹੈ ਉਸ ਨਾਲ ਨਹੀਂ। ਹੋਲਡਿੰਗ ਆਪਣਾ ਜ਼ਿਆਦਾਤਰ ਸਮਾਂ ਬਰਤਾਨੀਆ ਵਿਚ ਬਿਤਾਉਂਦੇ ਹਨ, ਉਨ੍ਹਾਂ ਨੇ ਇੰਗਲਿਸ਼ ਪ੍ਰੀਮੀਅਰ ਲੀਗ ਦੇ ਮੈਚਾਂ ਦੀ ਮਿਸਾਲ ਦਿੱਤੀ ਕਿ ਖ਼ਾਲੀ ਸਟੇਡੀਅਮ ਵਿਚ ਖੇਡੇ ਜਾਣ ਦੇ ਬਾਵਜੂਦ ਉਨ੍ਹਾਂ ਦੀ ਗੁਣਵੱਤਾ ਵਿਚ ਕੋਈ ਫ਼ਰਕ ਨਹੀਂ ਪਿਆ। ਉਨ੍ਹਾਂ ਨੇ ਕਿਹਾ ਕਿ ਦਰਸ਼ਕ ਮਾਹੌਲ ਬਣਾਉਣ ਲਈ ਕਾਫੀ ਅਹਿਮ ਹਨ ਪਰ ਜਿਵੇਂ ਫੁੱਟਬਾਲ ਦੇ ਬਰਤਾਨੀਆ ਵਿਚ ਬਹਾਲ ਹੋਣ ਤੋਂ ਬਾਅਦ ਮਨੋਰੰਜਨ ਮੈਦਾਨ 'ਤੇ ਖੇਡੀ ਗਈ ਫੁੱਟਬਾਲ ਦੇ ਪੱਧਰ ਨਾਲ ਹੁੰਦਾ ਦਿਖਾਈ ਦਿੱਤਾ। ਗੇਂਦ ਨੂੰ ਚਮਕਾਉਣ ਲਈ ਲਾਰ 'ਤੇ ਪਾਬੰਦੀ ਨੂੰ ਲੈ ਕੇ ਪੂਰੀ ਦੁਨੀਆ ਵਿਚ ਬਹਿਸ ਚੱਲ ਰਹੀ ਹੈ ਪਰ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਇੰਨੀ ਵੱਡੀ ਮੁਸ਼ਕਲ ਨਹੀਂ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਮੈਨੂੰ ਲਾਰ 'ਤੇ ਪਾਬੰਦੀ ਨਾਲ ਕੋਈ ਪਰੇਸ਼ਾਨੀ ਨਹੀਂ ਦਿਖਾਈ ਦਿੰਦੀ। ਪਸੀਨਾ ਵੀ ਇਹੀ ਕੰਮ ਕਰਦਾ ਹੈ, ਪਰ ਜੇ ਗੇਂਦਬਾਜ਼ ਦੇ ਮੂੁੰਹ ਵਿਚ ਲਾਰ ਤੋਂ ਇਲਾਵਾ ਵੀ ਕੁਝ ਹੋਵੇ ਤਾਂ ਗੱਲ ਵੱਖ ਹੈ। ਉਹ ਫੀਲਡਰਾਂ ਵੱਲੋਂ ਇਸਤੇਮਾਲ ਕੀਤੀ ਜਾਣ ਵਾਲੀ ਮਿੱਠੀ ਕੈਂਡੀ ਜਾਂ ਮਿੰਟ ਦੀ ਗੱਲ ਕਰ ਰਹੇ ਸਨ।

ਕ੍ਰਿਕਟ 'ਤੇ ਜ਼ਿਆਦਾ ਅਸਰ ਨਹੀਂ ਪਵੇਗਾ : ਇਹ ਪੁੱਛਣ 'ਤੇ ਕਿ ਕੀ ਕੋਵਿਡ-19 ਨਾਲ ਪੈਣ ਵਾਲੇ ਆਰਥਕ ਅਸਰ ਨਾਲ ਅਗਲੇ ਦਿਨਾਂ ਵਿਚ ਟੈਸਟ ਕਿ੍ਕਟ 'ਤੇ ਅਸਰ ਪਵੇਗਾ ਕਿਉਂਕਿ ਬੋਰਡ ਵੱਧ ਤੋਂ ਵੱਧ ਚਿੱਟੀ ਗੇਂਦ ਦੀ ਦੁਵੱਲੀ ਸੀਰੀਜ਼ ਖੇਡਣਾ ਚਾਹੁਣਗੇ ਤਾਂ ਉਨ੍ਹਾਂ ਨੇ ਇਸ ਤੋਂ ਇਨਕਾਰ ਕਰ ਦਿੱਤਾ।