ਜੋਹਾਨਸਬਰਗ (ਪੀਟੀਆਈ) : ਦੱਖਣੀ ਅਫਰੀਕਾ ਦੇ ਦਿੱਗਜ ਤੇਜ਼ ਗੇਂਦਬਾਜ਼ ਡੇਲ ਸਟੇਨ ਨੇ ਇੰਗਲੈਂਡ ਦੀ ਰੋਟੇਸ਼ਨ ਨੀਤੀ ਦਾ ਸਮਰਥਨ ਕਰਦੇ ਹੋਏ ਕਿਹਾ ਹੈ ਕਿ ਇਹ ਨੀਤੀ ਹੌਲੀ-ਹੌਲੀ ਸ਼ਾਨਦਾਰ ਕ੍ਰਿਕਟਰਾਂ ਦੀ ਫ਼ੌਜ ਤਿਆਰ ਕਰ ਰਹੀ ਹੈ। ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਦੀ ਰੋਟੇਸ਼ਨ ਨੀਤੀ ਦੀ ਸਖ਼ਤ ਨਿੰਦਾ ਹੁੰਦੀ ਰਹੀ ਹੈ ਜੋ ਕਿ ਉਸ ਨੇ ਖਿਡਾਰੀਆਂ ਦਾ ਕਾਰਜਭਾਰ ਘੱਟ ਕਰਨ ਤੇ ਉਨ੍ਹਾਂ ਨੂੰ ਬਾਇਓ ਬਬਲ ਵਿਚ ਰਹਿੰਦੇ ਹੋਏ ਮਾਨਸਿਕ ਥਕਾਵਟ ਤੋਂ ਬਚਾਉਣ ਲਈ ਸ਼ੁਰੂ ਕੀਤੀ ਹੈ।

ਇਸ ਕਦਮ ਨਾਲ ਕਈ ਵੱਡੇ ਮੈਚਾਂ ਤੇ ਸੀਰੀਜ਼ਾਂ ਵਿਚ ਉਸ ਦੇ ਮੁੱਖ ਖਿਡਾਰੀ ਨਹੀਂ ਖੇਡਦੇ। ਸਟੇਨ ਨੇ ਟਵੀਟ ਕੀਤਾ ਕਿ ਇੰਗਲੈਂਡ ਦੀ ਰੋਟੇਸ਼ਨ ਨੀਤੀ ਹੌਲੀ-ਹੌਲੀ ਸ਼ਾਨਦਾਰ ਕ੍ਰਿਕਟਰਾਂ ਦੀ ਫ਼ੌਜ ਤਿਆਰ ਕਰ ਰਹੀ ਹੈ। ਅਸੀਂ ਚਾਹੇ ਹੀ ਅਜੇ ਇਸ ਦੀ ਨਿੰਦਾ ਕਰ ਰਹੇ ਹਾਂ ਪਰ ਅਗਲੇ ਅੱਠ ਸਾਲਾਂ ਵਿਚ ਆਈਸੀਸੀ ਦੇ ਅੱਠ ਟੂਰਨਾਮੈਂਟ (ਅਸਲ ਵਿਚ ਇਕ ਸਾਲ ਵਿਚ ਇਕ, ਜਿਵੇਂ ਮੈਨੂੰ ਦੱਸਿਆ ਗਿਆ ਹੈ) ਹੋਣੇ ਹਨ ਤੇ ਉਨ੍ਹਾਂ ਨੂੰ ਇਸ ਵਿਚ ਟੀਮਾਂ ਦੀ ਚੋਣ ਕਰਦੇ ਸਮੇਂ ਅੰਤਰਰਾਸ਼ਟਰੀ ਪੱਧਰ 'ਤੇ ਖੇਡਣ ਦੇ ਤਜਰਬੇਕਾਰ ਕ੍ਰਿਕਟਰਾਂ ਨੂੰ ਲੱਭਣ ਲਈ ਸੰਘਰਸ਼ ਨਹੀਂ ਕਰਨਾ ਪਵੇਗਾ। ਟੂਰਨਾਮੈਂਟ ਨੂੰ ਲੈ ਕੇ ਮੈਂ ਪੂਰੀ ਤਰ੍ਹਾਂ ਗ਼ਲਤ ਹੋ ਸਕਦਾ ਹਾਂ ਪਰ ਮੈਨੂੰ ਇਹੀ ਦੱਸਿਆ ਗਿਆ ਸੀ। ਜੋ ਵੀ ਹੋਵੇ ਇਹ ਬਹੁਤ ਸ਼ਲਾਘਾਯੋਗ ਕਦਮ ਹੈ।

ਕਈ ਖਿਡਾਰੀਆਂ ਨੂੰ ਦਿੱਤਾ ਗਿਆ ਹੈ ਆਰਾਮ

ਇਸ ਰੋਟਡੇਸ਼ਨ ਨੀਤੀ ਕਾਰਨ ਵਿਕਟਕੀਪਰ ਜੋਸ ਬਟਲਰ ਭਾਰਤ ਖ਼ਿਲਾਫ਼ ਪਹਿਲੇ ਟੈਸਟ ਤੇ ਹਰਫ਼ਨਮੌਲਾ ਮੋਇਨ ਅਲੀ ਦੂਜੇ ਟੈਸਟ ਤੋਂ ਬਾਅਦ ਵਾਪਸ ਦੇਸ਼ ਮੁੜ ਗਏ ਜਦਕਿ ਬੱਲੇਬਾਜ਼ ਜਾਨੀ ਬੇਰਸਟੋ ਤੇ ਤੇਜ਼ ਗੇਂਦਬਾਜ਼ ਮਾਰਕ ਵੁਡ ਪਹਿਲੇ ਦੋ ਮੈਚਾਂ 'ਚੋਂ ਬਾਹਰ ਰਹਿਣ ਤੋਂ ਬਾਅਦ ਸੀਰੀਜ਼ ਦੇ ਬਾਕੀ ਮੈਚਾਂ ਲਈ ਟੀਮ ਨਾਲ ਜੁੜ ਗਏ ਹਨ। ਇਹੀ ਨਹੀਂ ਟੀਮ ਮੈਨੇਜਮੈਂਟ ਤਜਰਬੇਕਾਰ ਤੇਜ਼ ਗੇਂਦਬਾਜ਼ ਜੇਮਜ਼ ਐਂਡਰਸਨ ਤੇ ਸਟੂਅਰਟ ਬਰਾਡ ਨੂੰ ਵੀ ਆਰਾਮ ਦਿੰਦੀ ਰਹੀ ਹੈ।