ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਪਹਿਲੇ ਟੈਸਟ ਤੋਂ ਬਾਅਦ ਹੁਣ ਸਾਰਿਆਂ ਦੀਆਂ ਨਜ਼ਰਾਂ ਵੀਰਵਾਰ ਤੋਂ ਮਾਨਚੈਸਟਰ ਦੇ ਓਲਡ ਟਰੈਫਰਡ ਵਿਚ ਸ਼ੁਰੂ ਹੋਣ ਵਾਲੇ ਦੂਜੇ ਟੈਸਟ ਮੈਚ 'ਤੇ ਹੋਣਗੀਆਂ ਜਿੱਥੇ ਕਪਤਾਨ ਜੋ ਰੂਟ ਦੀ ਵਾਪਸੀ ਨਾਲ ਉਤਸ਼ਾਹਿਤ ਇੰਗਲੈਂਡ ਦੀ ਟੀਮ ਸੀਰੀਜ਼ ਬਰਾਬਰ ਕਰਨ ਦੇ ਟੀਚੇ ਨਾਲ ਮੈਦਾਨ 'ਤੇ ਉਤਰੇਗੀ।

ਰੂਟ ਆਪਣੇ ਦੂਜੇ ਬੱਚੇ ਦੇ ਜਨਮ ਕਾਰਨ ਉਸ ਮੈਚ ਵਿਚ ਨਹੀਂ ਖੇਡ ਸਕੇ ਸਨ। ਦੂਜੇ ਪਾਸੇ ਵੈਸਟਇੰਡੀਜ਼ ਦੀ ਟੀਮ ਨੇ ਪਹਿਲਾ ਮੈਚ ਜਿੱਤ ਕੇ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾਈ ਹੋਈ ਹੈ ਤੇ ਹੁਣ ਉਸ ਦੀ ਕੋਸ਼ਿਸ਼ ਸੀਰੀਜ਼ ਵਿਚ ਅਜੇਤੂ ਬੜ੍ਹਤ ਹਾਸਲ ਕਰਨ ਦੀ ਹੋਵੇਗੀ। ਰੂਟ ਤੋਂ ਬਿਨਾਂ ਪਹਿਲੇ ਟੈਸਟ ਮੈਚ ਵਿਚ ਇੰਗਲੈਂਡ ਨੂੰ ਚਾਰ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਰੂਟ ਆਪਣੇ ਦੂਜੇ ਬੱਚੇ ਦੇ ਜਨਮ ਕਾਰਨ ਪਹਿਲੇ ਮੈਚ ਵਿਚ ਨਹੀਂ ਖੇਡ ਸਕੇ ਸਨ।

ਰੂਟ ਹੁਣ ਟੀਮ ਵਿਚ ਜੋ ਡੇਨਲੀ ਥਾਂ ਲੈ ਸਕਦੇ ਹਨ। ਜੈਕ ਕ੍ਰਾਲੇ ਨੇ ਦੂਜੀ ਪਾਰੀ ਵਿਚ 76 ਦੌੜਾਂ ਬਣਾਈਆਂ ਸਨ ਤੇ ਇਸ ਨਾਲ ਉਨ੍ਹਾਂ ਦੀ ਟੀਮ ਵਿਚ ਵਿਚ ਥਾਂ ਪੱਕੀ ਹੈ। ਵਿਕਟਕੀਪਰ ਬੱਲੇਬਾਜ਼ ਜੋਸ ਬਟਲਰ ਪਹਿਲੇ ਮੈਚ ਵਿਚ ਕ੍ਰਮਵਾਰ 35 ਤੇ ਨੌਂ ਦੌੜਾਂ ਦੀ ਬਣਾ ਸਕੇ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਜਰਮੈਨ ਬਲੈਕਵੁਡ ਦਾ ਵੀ ਕੀਮਤੀ ਕੈਚ ਛੱਡ ਦਿੱਤਾ ਸੀ। ਬਾਅਦ ਵਿਚ ਬਲੈਕਵੁਡ ਨੇ 95 ਦੌੜਾਂ ਦੀ ਪਾਰੀ ਖੇਡ ਕੇ ਵੈਸਟਇੰਡੀਜ਼ ਨੂੰ ਜਿੱਤ ਦਿਵਾ ਦਿੱਤੀ ਸੀ।

ਇੰਗਲੈਂਡ ਨੇ ਪਿਛਲੇ ਮੈਚ ਵਿਚ ਤਜਰਬੇਕਾਰ ਤੇਜ਼ ਗੇਂਦਬਾਜ਼ ਸਟੂਅਰਟ ਬਰਾਡ ਨੂੰ ਵੀ ਆਖ਼ਰੀ ਇਲੈਵਨ ਵਿਚ ਸ਼ਾਮਲ ਨਾ ਕਰਨ ਦਾ ਵਿਵਾਦਤ ਫ਼ੈਸਲਾ ਕੀਤਾ ਸੀ। ਬਰਾਡ ਨੇ ਇਸ 'ਤੇ ਜਨਤਕ ਤੌਰ 'ਤੇ ਨਿਰਾਸ਼ਾ ਵੀ ਜ਼ਾਹਰ ਕੀਤੀ ਸੀ। ਉਹ ਮੁੜ ਜੇਮਜ਼ ਐਂਡਰਸਨ ਨਾਲ ਨਵੀਂ ਗੇਂਦ ਦੀ ਜ਼ਿੰਮੇਵਾਰੀ ਸੰਭਾਲ ਸਕਦੇ ਹਨ ਇਸ ਕਾਰਨ ਮਾਰਕ ਵੁਡ ਜਾਂ ਜੋਫਰਾ ਆਰਚ ਵਿਚੋਂ ਕਿਸੇ ਨੂੰ ਬਾਹਰ ਬੈਠਣਾ ਪਵੇਗਾ।

ਦੂਜੇ ਮੈਚ 'ਚ ਵੀ ਜੇਤੂ ਟੀਮ ਨਾਲ ਉਤਰ ਸਕਦੈ ਵਿੰਡੀਜ਼

ਵੈਸਟਇੰਡੀਜ਼ ਆਪਣੀ ਜੇਤੂ ਟੀਮ ਨਾਲ ਹੀ ਦੂਜੇ ਮੈਚ ਵਿਚ ਉਤਰ ਸਕਦਾ ਹੈ। ਸ਼ਾਈ ਹੋਪ ਦੀ ਖ਼ਰਾਬ ਲੈਅ ਉਨ੍ਹਾਂ ਲਈ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ ਜੋ ਲੰਬੀ ਪਾਰੀ ਖੇਡਣ ਦੇ ਆਪਣੇ ਇਰਾਦਿਆਂ ਨੂੰ ਪਹਿਲੇ ਮੈਚ ਵਿਚ ਅਸਲ ਰੂਪ ਨਹੀਂ ਦੇ ਸਕੇ। ਬਲੈਕਵੁਡ ਨੇ ਹਾਲਾਂਕਿ ਮੁਸ਼ਕਲ ਹਾਲਾਤ ਵਿਚ ਬਿਹਤਰੀਨ ਪ੍ਰਦਰਸ਼ਨ ਨਾਲ ਟੀਮ ਨੂੰ ਜਿੱਤ ਦਿਵਾਈ ਸੀ ਤੇ ਇਸ ਵਿਚਾਲੇ ਉਨ੍ਹਾਂ ਨੂੰ ਰੋਸਟਨ ਚੇਜ਼ ਤੇ ਸ਼ੇਨ ਡਾਵਰਿਚ ਦਾ ਵੀ ਚੰਗਾ ਸਾਥ ਮਿਲਿਆ ਸੀ।

ਹੋਲਡਰ ਦੀਆਂ ਉਮੀਦਾਂ 'ਤੇ ਖ਼ਰੇ ਉਤਰੇ ਖਿਡਾਰੀ

ਜੇਸਨ ਹੋਲਡਰ ਨੇ ਪਹਿਲੇ ਮੈਚ ਵਿਚ ਤੇਜ਼ ਗੇਂਦਬਾਜ਼ ਸ਼ੇਨਾਨ ਗੈਬਰੀਅਲ 'ਤੇ ਯਕੀਨ ਦਿਖਾਇਆ ਸੀ ਜਦਕਿ ਉਨ੍ਹਾਂ ਨੂੰ ਰਿਜ਼ਵਰ ਵਜੋਂ ਮੁੱਖ ਟੀਮ ਵਿਚ ਰੱਖਿਆ ਗਿਆ ਸੀ। ਗੈਬਰੀਏਲ ਕਪਤਾਨ ਦੀਆਂ ਉਮੀਦਾਂ 'ਤੇ ਖ਼ਰੇ ਉਤਰੇ ਤੇ ਨੌਂ ਵਿਕਟਾਂ ਲੈ ਕੇ ਮੈਨ ਆਫ ਦ ਮੈਚ ਰਹੇ ਪਰ ਜੇ ਵੈਸਟਇੰਡੀਜ਼ ਨੂੰ 32 ਸਾਲ ਬਾਅਦ ਇੰਗਲੈਂਡ ਵਿਚ ਪਹਿਲੀ ਟੈਸਟ ਸੀਰੀਜ਼ ਜਿੱਤਣੀ ਹੈ ਤਾਂ ਉਸ ਦੇ ਬੱਲੇਬਾਜ਼ਾਂ ਨੂੰ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ।

ਟੀਮ 'ਚ ਸ਼ਾਮਲ ਖਿਡਾਰੀ

ਇੰਗਲੈਂਡ : ਜੋ ਰੂਟ (ਕਪਤਾਨ), ਬੇਨ ਸਟੋਕਸ, ਜੇਮਜ਼ ਐਂਡਰਸਨ, ਜੋਫਰਾ ਆਰਚਰ, ਡੋਮ ਬੇਸ, ਸਟੂਅਰਟ ਬਰਾਡ, ਰੋਰੀ ਬਰਨਜ਼, ਜੋਸ ਬਟਲਰ, ਜੈਕ ਕ੍ਰਾਲੇ, ਜੋ ਡੇਨਲੀ, ਓਲੀ ਪੋਪ, ਡੋਮ ਸਿਬਲੇ, ਮਾਰਕ ਵੁਡ।

ਵੈਸਟਇੰਡੀਜ਼ : ਜੇਸਨ ਹੋਲਡਰ (ਕਪਤਾਨ), ਜਰਮੇਨ ਬਲੈਕਵੁਡ, ਕ੍ਰੇਗ ਬ੍ਰੇਥਵੇਟ, ਸ਼ਾਰਮਾਹ ਬਰੂਕਸ, ਜਾਨ ਕੈਂਪਬੇਲ, ਰੋਸਟਨ ਚੇਜ਼, ਸ਼ਾਈ ਹੋਪ, ਸ਼ੇਨ ਡਾਵਰਿਚ, ਅਲਜ਼ਾਰੀ ਜੋਸਫ਼, ਕੇਮਾਰ ਰੋਚ, ਸ਼ੇਨੋਨ ਗੈਬਰੀਏਲ।