ਨਵੀਂ ਦਿੱਲੀ (ਜੇਐੱਨਐੱਨ) : ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲਗਭਗ ਸਾਢੇ ਤਿੰਨ ਮਹੀਨੇ ਬਾਅਦ ਜਦ ਸਾਊਥੈਂਪਟਨ ਵਿਚ ਇੰਗਲੈਂਡ ਤੇ ਵੈਸਟਇੰਡੀਜ਼ ਵਿਚਾਲੇ ਟੈਸਟ ਸੀਰੀਜ਼ ਸ਼ੁਰੂ ਹੋਈ ਤਾਂ ਕਿਸੇ ਨੇ ਨਹੀਂ ਸੋਚਿਆ ਸੀ ਕਿ ਬਿਨਾਂ ਦਰਸ਼ਕਾਂ ਦੀ ਮੌਜੂਦਗੀ ਵਿਚ ਖੇਡੀ ਜਾ ਰਹੀ ਇਹ ਸੀਰੀਜ਼ ਇੰਨੀ ਰੋਮਾਂਚਕ ਹੋਵੇਗੀ। ਦਿੱਗਜ ਮਾਈਕਲ ਹੋਲਡਿੰਗ ਦੇ ਬਲੈਕ ਲਾਈਵਜ਼ ਮੈਟਰ 'ਤੇ ਇਤਿਹਾਸਕ ਭਾਸ਼ਣ ਵਿਚਾਲੇ ਵੈਸਟਇੰਡੀਜ਼ ਨੇ ਪਹਿਲਾ ਟੈਸਟ ਜਿੱਤ ਕੇ ਇੰਗਲੈਂਡ ਵਿਚ 32 ਸਾਲ ਬਾਅਦ ਸੀਰੀਜ਼ ਜਿੱਤਣ ਦੀ ਉਮੀਦ ਜਗਾਈ ਪਰ ਮਾਨਚੈਸਟਰ ਵਿਚ ਖੇਡੇ ਗਏ ਆਖ਼ਰੀ ਦੋਵੇਂ ਟੈਸਟ ਇੰਗਲੈਂਡ ਨੇ ਜਿੱਤ ਕੇ ਉਸ ਦੀ ਇਸ ਉਮੀਦ 'ਤੇ ਪਾਣੀ ਫੇਰ ਦਿੱਤਾ। ਪਹਿਲੇ ਟੈਸਟ ਵਿਚ ਤੇਜ਼ ਗੇਂਦਬਾਜ਼ ਸਟੂਅਰਟ ਬਰਾਡ ਨੇ ਟੀਮ ਵਿਚ ਨਾ ਸ਼ਾਮਲ ਕੀਤੇ ਜਾਣ 'ਤੇ ਖੁੱਲ੍ਹ ਕੇ ਨਿਰਾਸ਼ਾ ਜ਼ਾਹਰ ਕੀਤੀ ਫਿਰ ਜਦ ਅਗਲੇ ਦੋਵੇਂ ਟੈਸਟ ਵਿਚ ਉਨ੍ਹਾਂ ਨੂੰ ਆਖ਼ਰੀ 11 ਵਿਚ ਥਾਂ ਮਿਲੀ ਤਾਂ ਉਨ੍ਹਾਂ ਨੇ ਸਾਬਤ ਕੀਤਾ ਕਿ ਉਹ ਅਸਲ ਵਿਚ ਚੈਂਪੀਅਨ ਖਿਡਾਰੀ ਹਨ। ਇਹੀ ਕਾਰਨ ਰਿਹਾ ਜਦ ਇੰਗਲੈਂਡ ਨੇ ਪੰਜਵੇਂ ਤੇ ਆਖ਼ਰੀ ਦਿਨ ਦੂਜੇ ਸੈਸ਼ਨ ਵਿਚ 269 ਦੌੜਾਂ ਨਾਲ ਤੀਜਾ ਟੈਸਟ ਮੈਚ ਜਿੱਤ ਕੇ ਸੀਰੀਜ਼ 2-1 ਜਿੱਤ ਲਈ। ਬਰਾਡ ਨੂੰ ਮੈਨ ਆਫ ਦ ਮੈਚ ਤੇ ਮੈਨ ਆਫ ਦ ਸੀਰੀਜ਼ ਐਲਾਨਿਆ ਗਿਆ। 399 ਦੌੜਾਂ ਦੇ ਟੀਚੇ ਦੇ ਸਾਹਮਣੇ ਵੈਸਟਇੰਡੀਜ਼ ਦੀ ਟੀਮ ਦੂਜੀ ਪਾਰੀ 'ਚ 37.1 ਓਵਰਾਂ ਵਿਚ 129 ਦੌੜਾਂ 'ਤੇ ਸਿਮਟ ਗਈ।