ਸਾਊਥੈਂਪਟਨ (ਆਈਏਐੱਨਐੱਸ) : ਇੰਗਲੈਂਡ ਦੇ ਸਾਬਕਾ ਕ੍ਰਿਕਟ ਕਪਤਾਨ ਮਾਈਕਲ ਵਾਨ ਦਾ ਮੰਨਣਾ ਹੈ ਕਿ ਖ਼ਰਾਬ ਲੈਅ ਨਾਲ ਜੂਝ ਰਹੇ ਬੱਲੇਬਾਜ਼ ਜੋ ਡੇਨਲੀ ਨੂੰ ਵੈਸਟਇੰਡੀਜ਼ ਖ਼ਿਲਾਫ਼ ਹੋਣ ਵਾਲੇ ਦੂਜੇ ਟੈਸਟ ਲਈ ਕਪਤਾਨ ਜੋ ਰੂਟ ਲਈ ਥਾਂ ਛੱਡਣੀ ਚਾਹੀਦੀ ਹੈ। ਡੇਨਲੀ ਏਜੇਸ ਬਾਊਲ ਵਿਚ ਵੈਸਟਇੰਡੀਜ਼ ਖ਼ਿਲਾਫ਼ ਪਹਿਲੇ ਟੈਸਟ ਮੈਚ ਦੀ ਪਹਿਲੀ ਤੇ ਦੂਜੀ ਪਾਰੀ ਵਿਚ ਕ੍ਰਮਵਾਰ 18 ਤੇ 19 ਦੌੜਾਂ ਹੀ ਬਣਾ ਸਕੇ। ਉਨ੍ਹਾਂ ਨੇ ਪਿਛਲੀਆਂ ਅੱਠ ਪਾਰੀਆਂ ਵਿਚ ਇਕ ਵੀ ਅਰਧ ਸੈਂਕੜਾ ਨਹੀਂ ਲਾਇਆ ਹੈ। ਡੇਨਲੀ ਨੇ ਇੰਗਲੈਂਡ ਲਈ ਹੁਣ ਤਕ 14 ਟੈਸਟ ਮੈਚ ਖੇਡੇ ਹਨ ਤੇ ਉਹ ਇਕ ਵੀ ਸੈਂਕੜਾ ਨਹੀਂ ਲਾ ਸਕੇ ਹਨ। ਵਾਨ ਨੇ ਕਿਹਾ ਕਿ ਤੁਸੀਂ ਇਹ ਕਹਿ ਸਕਦੇ ਹੋ ਕਿ ਡੇਨਲੀ ਬਹੁਤ ਕਿਸਮਤ ਵਾਲੇ ਰਹੇ ਕਿ ਉਨ੍ਹਾਂ ਨੇ ਇੰਨੇ ਟੈਸਟ ਮੈਚ ਖੇਡੇ। ਇੱਥੇ ਕਾਫੀ ਖਿਡਾਰੀ ਹਨ ਜਿਨ੍ਹਾਂ ਨੇ ਸਿਰਫ ਅੱਠ ਟੈਸਟ ਖੇਡੇ ਤੇ ਸੈਂਕੜਾ ਲਾਇਆ। ਡੇਨਲੀ ਨੇ ਆਪਣਾ ਮੌਕਾ ਗੁਆ ਦਿੱਤਾ ਹੈ। ਕ੍ਰਾਲੇ ਨੂੰ ਪੂਰਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਮੈਨੂੰ ਡੇਨਲੀ ਲਈ ਦੁੱਖ ਹੈ। ਉਨ੍ਹਾਂ ਦਾ ਪੱਧਰ ਅਜਿਹਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਇੰਗਲੈਂਡ ਨੂੰ ਡੇਨਲੀ ਨੂੰ ਲੈ ਕੇ ਫ਼ੈਸਲਾ ਕਰਨਾ ਪਵੇਗਾ। ਕ੍ਰਾਲੇ ਯਕੀਨੀ ਤੌਰ 'ਤੇ ਟੀਮ ਵਿਚ ਰਹੇਗਾ।

ਨਾਸਿਰ ਹੁਸੈਨ ਨੇ ਵੀ ਦਿੱਤੀ ਸੀ ਚਿਤਾਵਨੀ

ਇਸ ਤੋਂ ਪਹਿਲਾਂ ਇੰਗਲੈਂਡ ਦੇ ਸਾਬਕਾ ਕਪਤਾਨ ਨਾਸਿਰ ਹੁਸੈਨ ਨੇ ਡੇਨਲੀ ਨੂੰ ਸਲਾਹ ਦਿੱਤੀ ਸੀ ਕਿ ਵੱਡੇ ਸਕੋਰ ਬਣਾਉਣ ਲਈ ਉਨ੍ਹਾਂ ਨੂੰ ਆਪਣੀ ਬੱਲੇਬਾਜ਼ੀ ਤਕਨੀਕ ਵਿਚ ਸੁਧਾਰ ਕਰਨਾ ਚਾਹੀਦਾ ਹੈ ਨਹੀਂ ਤਾਂ ਉਹ ਟੀਮ 'ਚ ਆਪਣੀ ਥਾਂ ਗੁਆ ਸਕਦੇ ਹਨ।