ਹੈਮਿਲਟਨ (ਏਐੱਫਪੀ) : ਕਪਤਾਨ ਜੋ ਰੂਟ ਤੇ ਰੋਰੀ ਬਰਨਜ਼ ਦੇ ਸੈਂਕੜਿਆਂ ਨਾਲ ਇੰਗਲੈਂਡ ਨੇ ਵਾਪਸੀ ਕੀਤੀ ਪਰ ਨਿਊਜ਼ੀਲੈਂਡ ਨੇ ਦੂਜੇ ਟੈਸਟ ਦੇ ਤੀਜੇ ਦਿਨ ਐਤਵਾਰ ਨੂੰ ਆਖ਼ਰੀ ਸਮੇਂ ਵਿਚ ਦੋ ਵਿਕਟਾਂ ਹਾਸਲ ਕਰ ਕੇ ਆਪਣਾ ਪਲੜਾ ਭਾਰੀ ਰੱਖਿਆ। ਰੂਟ ਨੇ ਲੈਅ ਵਿਚ ਵਾਪਸੀ ਕੀਤੀ ਤੇ ਉਹ 114 ਦੌੜਾਂ ਬਣਾ ਕੇ ਖੇਡ ਰਹੇ ਹਨ। ਬਰਨਜ਼ ਨੇ 101 ਦੌੜਾਂ ਦੀ ਪਾਰੀ ਖੇਡੀ। ਦੋਵਾਂ ਨੇ ਤੀਜੀ ਵਿਕਟ ਲਈ 177 ਦੌੜਾਂ ਦੀ ਭਾਈਵਾਲੀ ਕੀਤੀ। ਬਾਰਿਸ਼ ਕਾਰਨ ਦਿਨ ਦੀ ਖੇਡ ਜਦ 16 ਓਵਰ ਪਹਿਲਾਂ ਸਮਾਪਤ ਕਰਨ ਦਾ ਐਲਾਨ ਕੀਤਾ ਗਿਆ ਤਦ ਇੰਗਲੈਂਡ ਨੇ ਪੰਜ ਵਿਕਟਾਂ 'ਤੇ 269 ਦੌੜਾਂ ਬਣਾਈਆਂ ਸਨ। ਵਿਕਟਕੀਪਰ ਬੱਲੇਬਾਜ਼ ਓਲੀ ਪੋਪ ਚਾਰ ਦੌੜਾਂ ਬਣਾ ਕੇ ਕਪਤਾਨ ਦਾ ਸਾਥ ਨਿਭਾਅ ਰਹੇ ਹਨ। ਇੰਗਲੈਂਡ ਦੀ ਟੀਮ ਹੁਣ ਵੀ ਨਿਊਜ਼ੀਲੈਂਡ ਤੋਂ 106 ਦੌੜਾਂ ਪਿੱਛੇ ਹੈ ਜਦਕਿ ਉਸ ਦੀਆਂ ਪੰਜ ਵਿਕਟਾਂ ਬਾਕੀ ਹਨ। ਨਿਊਜ਼ੀਲੈਂਡ ਨੇ ਪਹਿਲੀ ਪਾਰੀ ਵਿਚ 375 ਦੌੜਾਂ ਬਣਾਈਆਂ ਸਨ।