ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਐਲੇਕਸ ਲੀਸ, ਜੋ ਰੂਟ ਤੇ ਜਾਨੀ ਬੇਰਸਟੋ ਦੇ ਅਰਧ ਸੈਂਕੜਿਆਂ ਤੇ ਜੈਕ ਕ੍ਰਾਉਲੇ ਦੀ ਵਧੀਆ ਪਾਰੀ ਦੀ ਮਦਦ ਨਾਲ ਇੰਗਲੈਂਡ ਨੇ ਬਰਮਿੰਘਮ ਵਿਚ ਖੇਡੇ ਜਾ ਰਹੇ ਪਿਛਲੇ ਸਾਲ ਦੀ ਅਧੂਰੀ ਸੀਰੀਜ਼ ਦੇ ਦੁਬਾਰਾ ਤੈਅ ਪੰਜਵੇਂ ਟੈਸਟ ਦੇ ਚੌਥੇ ਦਿਨ ਮੈਚ ’ਤੇ ਆਪਣੀ ਪਕੜ ਮਜ਼ਬੂਤ ਕਰ ਲਈ। ਭਾਰਤ ਵੱਲੋਂ ਦਿੱਤੇ ਗਏ 378 ਦੌੜਾਂ ਦੇ ਟੀਚੇ ਦੇ ਜਵਾਬ ਵਿਚ ਇੰਗਲੈਂਡ ਨੇ ਸਿਰਫ਼ ਤਿੰਨ ਵਿਕਟਾਂ ਦੇ ਨੁਕਸਾਨ ’ਤੇ 259 ਦੌੜਾਂ ਬਣਾ ਲਈਆਂ ਸਨ ਤੇ ਉਸ ਨੂੰ ਜਿੱਤ ਹਾਸਲ ਕਰਨ ਲਈ ਆਖ਼ਰੀ ਦਿਨ ਸਿਰਫ਼ 119 ਦੌੜਾਂ ਦੀ ਹੋਰ ਲੋੜ ਹੈ ਜਦਕਿ ਉਸ ਦੀਆਂ ਸੱਤ ਵਿਕਟਾਂ ਬਾਕੀ ਹਨ ।

ਕ੍ਰਾਉਲੇ 76 ਗੇਂਦਾਂ ’ਤੇ ਸੱਤ ਚੌਕਿਆਂ ਦੀ ਮਦਦ ਨਾਲ 46 ਦੌੜਾਂ ਬਣਾ ਕੇ ਆਊਟ ਹੋਏ ਜਦਕਿ ਉਨ੍ਹਾਂ ਦੇ ਸਾਥੀ ਸਲਾਮੀ ਬੱਲੇਬਾਜ਼ ਲੀਸ 56 ਦੌੜਾਂ ਬਣਾ ਕੇ ਆਊਟ ਹੋਏ। ਓਲੀ ਪੋਪ ਬਿਨਾਂ ਖ਼ਾਤਾ ਖੋਲ੍ਹੇ ਤੁਰਦੇ ਬਣੇ ਪਰ ਉਸ ਤੋਂ ਬਾਅਦ ਜੋ ਰੂਟ (ਅਜੇਤੂ 76) ਤੇ ਜਾਨੀ ਬੇਰਸਟੋ (ਅਜੇਤੂ 72) ਨੇ ਬਿਹਤਰੀਨ ਬੱਲੇਬਾਜ਼ੀ ਦਾ ਪ੍ਰਦਰਸ਼ਨ ਕਰਦਿਆਂ ਹੋਰ ਕੋਈ ਵਿਕਟ ਨਹੀਂ ਡਿੱਗਣ ਦਿੱਤੀ।

ਇਸ ਤੋਂ ਪਹਿਲਾਂ ਚੇਤੇਸ਼ਵਰ ਪੁਜਾਰਾ ਤੇ ਰਿਸ਼ਭ ਪੰਤ ਦੇ ਅਰਧ ਸੈਂਕੜਿਆਂ ਦੇ ਬਾਵਜੂਦ ਭਾਰਤ ਦੀ ਦੂਜੀ ਪਾਰੀ ਸਿਰਫ਼ 245 ਦੌੜਾਂ ’ਤੇ ਸਿਮਟ ਗਈ ਜਿਸ ਨਾਲ ਇੰਗਲੈਂਡ ਨੂੰ ਜਿੱਤ ਲਈ 378 ਦੌੜਾਂ ਦਾ ਟੀਚਾ ਮਿਲਿਆ। ਪੁਜਾਰਾ ਨੇ 168 ਗੇਂਦਾਂ ’ਤੇ ਅੱਠ ਚੌਕਿਆਂ ਦੀ ਮਦਦ ਨਾਲ 66 ਦੌੜਾਂ ਬਣਾਈਆਂ ਜਦਕਿ ਪਹਿਲੀ ਪਾਰੀ ’ਚ ਸੈਂਕੜਾ ਲਾਉਣ ਵਾਲੇ ਪੰਤ ਨੇ 86 ਗੇਂਦਾਂ ’ਤੇ ਅੱਠ ਚੌਕਿਆਂ ਦੇ ਨਾਲ 57 ਦੌੜਾਂ ਦੀ ਪਾਰੀ ਖੇਡੀ। ਇੰਗਲੈਂਡ ਵੱਲੋਂ ਕਪਤਾਨ ਬੇਨ ਸਟੋਕਸ (4/33) ਸਭ ਤੋਂ ਕਾਮਯਾਬ ਗੇਂਦਬਾਜ਼ ਰਹੇ। ਟੀਚੇ ਦਾ ਪਿੱਛਾ ਕਰਦੇ ਹੋਏ ਲੀਸ ਤੇ ਕ੍ਰਾਉਲੇ ਨੇ ਇੰਗਲੈਂਡ ਨੂੰ ਜ਼ੋਰਦਾਰ ਸ਼ੁਰੂਆਤ ਦਿਵਾਈ। ਦੋਵਾਂ ਨੇ ਤੇਜ਼ੀ ਨਾਲ ਦੌੜਾਂ ਬਣਾਈਆਂ ਤੇ 20ਵੇਂ ਓਵਰ ਵਿਚ ਹੀ ਇੰਗਲੈਂਡ ਦਾ ਸਕੋਰ ਬਿਨਾਂ ਨੁਕਸਾਨ ਦੇ 100 ਦੌੜਾਂ ’ਤੇ ਪਹੁੰਚਾ ਦਿੱਤਾ। ਇਸ ਦੌਰਾਨ ਲੀਚ ਨੇ 44 ਗੇਂਦਾਂ ’ਤੇ ਅਰਧ ਸੈਂਕੜਾ ਪੂਰਾ ਕੀਤਾ। ਚਾਹ ਦੇ ਸਮੇਂ ਤੋਂ ਕੁਝ ਮਿੰਟ ਪਹਿਲਾਂ ਕਪਤਾਨ ਜਸਪ੍ਰੀਤ ਬੁਮਰਾਹ ਨੇ ਕ੍ਰਾਉਲੇ ਨੂੰ ਬੋਲਡ ਕਰ ਕੇ ਇਸ ਭਾਈਵਾਲੀ ਨੂੰ ਤੋੜਿਆ। ਇਸ ਤੋਂ ਪਹਿਲਾਂ ਭਾਰਤ ਨੇ ਸਵੇਰ ਆਪਣੀ ਦੂਜੀ ਪਾਰੀ ਤਿੰਨ ਵਿਕਟਾਂ ’ਤੇ 125 ਦੌੜਾਂ ਤੋਂ ਅੱਗੇ ਵਧਾਈ ਪਰ ਉਸ ਨੇ ਲਗਾਤਾਰ ਵਕਫ਼ੇ ’ਤੇ ਵਿਕਟਾਂ ਗੁਆਈਆਂ। ਪੁਜਾਰਾ ਤੋਂ ਬਾਅਦ ਪੰਤ ਵੀ ਅਰਧ ਸੈਂਕੜਾ ਪੂਰਾ ਕਰਨ ਵਿਚ ਕਾਮਯਾਬ ਰਹੇ ਪਰ ਕੋਈ ਵੀ ਬੱਲੇਬਾਜ਼ ਵੱਡੀ ਪਾਰੀ ਨਹੀਂ ਖੇਡ ਸਕਿਆ। ਚੌਥੇ ਦਿਨ ਭਾਰਤ ਦੀਆਂ ਬਾਕੀ ਵਿਕਟਾਂ ’ਚੋਂ ਆਖ਼ਰੀ ਤਿੰਨ ਸਟੋਕਸ ਨੇ ਲਈਆਂ।

Posted By: Gurinder Singh