ਨਵੀਂ ਦਿੱਲੀ, ਸਪੋਰਟਸ ਡੈਸਕ : ਪਾਕਿਸਤਾਨ ਅਤੇ ਇੰਗਲੈਂਡ ਵਿਚਾਲੇ ਖੇਡੇ ਜਾ ਰਹੇ ਟੈਸਟ ਸੀਰੀਜ਼ ਦੇ ਪਹਿਲੇ ਟੈਸਟ ਮੈਚ 'ਚ ਇੰਗਲੈਂਡ ਦੀ ਟੀਮ ਨੇ ਇਤਿਹਾਸ ਰਚ ਦਿੱਤਾ ਹੈ। 112 ਸਾਲ ਪੁਰਾਣਾ ਰਿਕਾਰਡ ਤੋੜ ਕੇ ਬਣਾਇਆ ਨਵਾਂ ਰਿਕਾਰਡ ਰਾਵਲਪਿੰਡੀ 'ਚ ਪਹਿਲੇ ਟੈਸਟ ਦੇ ਪਹਿਲੇ ਦਿਨ ਇੰਗਲੈਂਡ ਦੇ ਬੱਲੇਬਾਜ਼ਾਂ ਨੇ ਪਾਕਿਸਤਾਨੀ ਗੇਂਦਬਾਜ਼ਾਂ ਨੂੰ ਪਛਾੜਦੇ ਹੋਏ 500 ਦੌੜਾਂ ਦਾ ਸਕੋਰ ਬੋਰਡ 'ਤੇ ਪਾ ਦਿੱਤਾ। ਕ੍ਰਿਕਟ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ, ਜਦੋਂ ਕਿਸੇ ਟੀਮ ਨੇ ਟੈਸਟ ਮੈਚ ਦੇ ਪਹਿਲੇ ਦਿਨ 500 ਤੋਂ ਵੱਧ ਦੌੜਾਂ ਬਣਾਈਆਂ ਹੋਣ। ਇੰਗਲੈਂਡ ਅਜਿਹਾ ਕਰਨ ਵਾਲੀ ਪਹਿਲੀ ਟੀਮ ਬਣ ਗਈ ਹੈ। ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਇੰਗਲੈਂਡ ਦੀ ਟੀਮ ਨੇ 4 ਵਿਕਟਾਂ 'ਤੇ 506 ਦੌੜਾਂ ਬਣਾ ਲਈਆਂ ਹਨ।

ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਮੈਚ ਦੇ ਪਹਿਲੇ ਦਿਨ ਇੰਗਲੈਂਡ ਦੇ ਬੱਲੇਬਾਜ਼ਾਂ ਨੇ ਧਮਾਲ ਮਚਾ ਦਿੱਤੀ। ਮੈਚ ਦੇ ਪਹਿਲੇ ਦਿਨ ਕੁੱਲ 4 ਸੈਂਕੜੇ ਲੱਗੇ। ਬਰੁਕ ਨੇ ਨਾਬਾਦ 101, ਜੈਕ ਕ੍ਰਾਲੀ ਨੇ 122, ਬੇਨ ਡਕੇਟ ਨੇ 107 ਅਤੇ ਓਲੀ ਪੋਪ ਨੇ 108 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਪਾਕਿਸਤਾਨ ਦੇ ਲੈੱਗ ਸਪਿਨਰ ਜ਼ਾਹਿਦ ਮਹਿਮੂਦ ਨੇ 2 ਵਿਕਟਾਂ ਹਾਸਲ ਕੀਤੀਆਂ। ਮੁਹੰਮਦ ਅਲੀ ਅਤੇ ਹੈਰਿਸ ਰੌਫ ਨੂੰ 1-1 ਸਫਲਤਾ ਮਿਲੀ। ਪਾਕਿਸਤਾਨੀ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਇਸ ਮੈਚ 'ਚ ਨਹੀਂ ਖੇਡ ਰਹੇ ਹਨ।

ਇੱਕ ਓਵਰ ਵਿੱਚ 6 ਚੌਕੇ

ਹੈਰੀ ਬਰੂਕ ਨੇ ਨਾ ਸਿਰਫ਼ ਨਾਬਾਦ ਸੈਂਕੜਾ ਜੜਿਆ ਸਗੋਂ ਇੱਕ ਓਵਰ ਵਿੱਚ 6 ਚੌਕੇ ਵੀ ਲਾਏ। ਬਰੁਕ ਨੇ ਸੌਦ ਸ਼ਕੀਲ ਦੇ ਓਵਰ ਵਿੱਚ ਇਹ ਕਾਰਨਾਮਾ ਕਰ ਕੇ ਵਿਸ਼ਵ ਰਿਕਾਰਡ ਦੀ ਬਰਾਬਰੀ ਕਰ ਲਈ। ਇਸ ਤੋਂ ਪਹਿਲਾਂ ਕ੍ਰਿਕਟ ਦੇ ਇਤਿਹਾਸ ਵਿੱਚ ਸਨਥ ਜੈਸੂਰੀਆ, ਵੈਸਟਇੰਡੀਜ਼ ਦੇ ਦਿੱਗਜ ਬੱਲੇਬਾਜ਼ ਰਾਮਨਰੇਸ਼ ਸਰਵਨ ਅਤੇ ਕ੍ਰਿਸ ਗੇਲ ਇੱਕ ਓਵਰ ਵਿੱਚ 6 ਚੌਕੇ ਮਾਰਨ ਦਾ ਰਿਕਾਰਡ ਬਣਾ ਚੁੱਕੇ ਹਨ। ਹੈਰੀ ਬਰੂਕ ਨੇ ਤਿੰਨਾਂ ਦੀ ਬਰਾਬਰੀ ਕਰ ਲਈ ਹੈ।

ਆਸਟਰੇਲੀਆ ਨੇ 1910 ਵਿੱਚ 494 ਦੌੜਾਂ ਬਣਾਈਆਂ ਸਨ

ਟੈਸਟ ਕ੍ਰਿਕਟ ਦੇ ਇਤਿਹਾਸ 'ਚ ਆਸਟ੍ਰੇਲੀਆ ਨੇ ਸਾਲ 1910 'ਚ ਦੱਖਣੀ ਅਫਰੀਕਾ ਖਿਲਾਫ ਟੈਸਟ ਮੈਚ ਦੇ ਪਹਿਲੇ ਦਿਨ 494 ਦੌੜਾਂ ਬਣਾਈਆਂ ਸਨ। ਇੰਗਲੈਂਡ ਨੇ 112 ਸਾਲਾਂ ਬਾਅਦ ਉਸ ਰਿਕਾਰਡ ਨੂੰ ਤੋੜ ਕੇ ਨਵਾਂ ਰਿਕਾਰਡ ਬਣਾਇਆ ਹੈ। ਇੰਗਲਿਸ਼ ਟੀਮ ਟੈਸਟ ਇਤਿਹਾਸ ਵਿੱਚ ਪਹਿਲੇ ਦਿਨ 500 ਜਾਂ ਇਸ ਤੋਂ ਵੱਧ ਦੌੜਾਂ ਬਣਾਉਣ ਵਾਲੀ ਪਹਿਲੀ ਟੀਮ ਬਣ ਗਈ ਹੈ।

Posted By: Jaswinder Duhra