ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਚੇਨਈ ਦੇ ਚੇਪਕ ਸਟੇਡੀਅਮ ਵਿਚ ਬੁੱਧਵਾਰ ਨੂੰ ਏਲੀਮੀਨੇਟਰ ਮੁਕਾਬਲੇ ਵਿਚ ਪੰਜ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਦੇ ਸਾਹਮਣੇ ਲਖਨਊ ਸੁਪਰ ਜਾਇੰਟਜ਼ ਦੀ ਚੁਣੌਤੀ ਹੋਵੇਗੀ। ਇੱਥੇ ਹਾਰਨ ਵਾਲੀ ਟੀਮ ਦਾ ਸਫ਼ਰ ਇੱਥੇ ਖ਼ਤਮ ਹੋ ਜਾਵੇਗਾ ਜਦਕਿ ਜਿੱਤਣ ਵਾਲੀ ਟੀਮ ਨੂੰ ਕੁਆਲੀਫਾਇਰ-2 ਵਿਚ ਖੇਡਣ ਦਾ ਮੌਕਾ ਮਿਲੇਗਾ। ਦੋਵਾਂ ਟੀਮਾਂ ਵਿਚਾਲੇ ਹੁਣ ਤਕ ਤਿੰਨ ਵਾਰ ਮੁਕਾਬਲਾ ਹੋਇਆ ਹੈ ਜਿਸ ਵਿਚ ਲਖਨਊ ਦਾ ਪਲੜਾ ਭਾਰੀ ਰਿਹਾ ਹੈ। ਲਖਨਊ ਨੇ ਸਾਰੇ ਮੈਚਾਂ ਵਿਚ ਜਿੱਤ ਦਰਜ ਕੀਤੀ ਹੈ। ਬੱਲੇਬਾਜ਼ਾਂ ਦੇ ਲੈਅ ਵਿਚ ਮੁੜਨ ਨਾਲ ਉਤਸ਼ਾਹਿਤ ਮੁੰਬਈ ਇੰਡੀਅਨਜ਼ ਇੱਥੇ ਵਧੇ ਆਤਮਵਿਸ਼ਵਾਸ ਨਾਲ ਉਤਰੇਗੀ। ਮੁੰਬਈ ਪਿਛਲੇ ਸੈਸ਼ਨ ਵਿਚ ਆਖ਼ਰੀ ਸਥਾਨ 'ਤੇ ਰਹੀ ਸੀ ਜਿਸ ਤੋਂ ਬਾਅਦ ਮੌਜੂਦ ਸੈਸ਼ਨ ਵਿਚ ਟੀਮ ਨੇ ਵਾਪਸੀ ਕਰਦੇ ਹੋਏ ਪਲੇਆਫ ਵਿਚ ਥਾਂ ਬਣਾਈ। ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਮੁੰਬਈ ਦੀਆਂ ਨਜ਼ਰਾਂ ਹੁਣ ਆਪਣੀ ਛੇਵੀਂ ਆਈਪੀਐੱਲ ਟਰਾਫੀ 'ਤੇ ਟਿਕੀਆਂ ਹਨ। ਮੁੰਬਈ ਲਈ ਆਖ਼ਰੀ ਲੀਗ ਮੈਚ ਵਿਚ ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਆਸਟ੍ਰੇਲੀਆ ਦੇ ਹਰਫ਼ਨਮੌਲਾ ਕੈਮਰਨ ਗ੍ਰੀਨ ਨੇ ਸ਼ਾਨਦਾਰ ਸੈਂਕੜਾ ਜੜਿਆ ਸੀ। ਬੱਲੇਬਾਜ਼ਾਂ ਵਿਚ ਦਾਰੋਮਦਾਰ ਗ੍ਰੀਨ ਤੋਂ ਇਲਾਵਾ ਸੂਰਿਆ ਕੁਮਾਰ ਯਾਦਵ, ਇਸ਼ਾਨ ਕਿਸ਼ਨ ਤੇ ਕਪਤਾਨ ਰੋਹਿਤ ਸ਼ਰਮਾ 'ਤੇ ਹੋਵੇਗਾ। ਮੁੰਬਈ ਦੇ ਬੱਲੇਬਾਜ਼ਾਂ ਨੇ ਲੈਅ ਹਾਸਲ ਕਰ ਲਈ ਹੈ ਤੇ ਇਸ ਕਾਰਨ ਸੁਪਰ ਜਾਇੰਟਜ਼ ਦੇ ਗੇਂਦਬਾਜ਼ਾਂ ਦਾ ਰਾਹ ਸੌਖਾ ਨਹੀਂ ਹੋਣ ਵਾਲਾ।
ਸੁਪਰ ਜਾਇੰਟਜ਼ ਨੇ ਜੇ ਮੁੰਬਈ ਦੇ ਬੱਲੇਬਾਜ਼ਾਂ ਨੂੰ ਰੋਕਣਾ ਹੈ ਤਾਂ ਲੈੱਗ ਸਪਿੰਨਰ ਰਵੀ ਬਿਸ਼ਨੋਈ ਨੂੰ ਵੱਡੀ ਭੂਮਿਕਾ ਨਿਭਾਉਣੀ ਪਵੇਗੀ ਜੋ 14 ਮੈਚਾਂ ਵਿਚ 16 ਵਿਕਟਾਂ ਦੇ ਨਾਲ ਟੀਮ ਦੇ ਸਭ ਤੋਂ ਕਾਮਯਾਬ ਗੇਂਦਬਾਜ਼ ਹਨ। ਨਵੀਨ-ਉਲ-ਹੱਕ, ਆਵੇਸ਼ ਖ਼ਾਨ, ਕਰੁਣਾਲ ਤੇ ਤਜਰਬੇਕਾਰ ਅਮਿਤ ਮਿਸ਼ਰਾ ਵਰਗੇ ਗੇਂਦਬਾਜ਼ਾਂ ਨੂੰ ਵੀ ਵੱਧ ਯੋਗਦਾਨ ਦੇਣਾ ਪਵੇਗਾ। ਚੇਨਈ ਸੁਪਰ ਕਿੰਗਜ਼ ਖ਼ਿਲਾਫ਼ ਮੁੰਬਈ ਇੰਡੀਅਨਜ਼ ਨੂੰ ਇੱਥੇ ਬੱਲੇਬਾਜ਼ਾਂ ਦੀ ਨਾਕਾਮੀ ਕਾਰਨ ਲੀਗ ਗੇੜ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਇਲਾਵਾ ਜਸਪ੍ਰਰੀਤ ਬੁਮਰਾਹ ਤੇ ਜੋਫਰਾ ਆਰਚਰ ਦੀ ਗੈਰਮੌਜੂਦਗੀ ਵਿਚ ਮੁੰਬਈ ਦਾ ਤੇਜ਼ ਗੇਂਦਬਾਜ਼ੀ ਹਮਲਾ ਵੀ ਕਮਜ਼ੋਰ ਹੈ ਜਿਸ ਦਾ ਸੁਪਰ ਜਾਇੰਟਜ਼ ਫ਼ਾਇਦਾ ਉਠਾਉਣਾ ਚਾਹੁਣਗੇ।
Posted By: Gurinder Singh