ਦੁਬਈ (ਪੀਟੀਆਈ) : ਭਾਰਤ ’ਚ ਜਨਮੇ ਨਿਊਜ਼ੀਲੈਂਡ ਦੇ ਕ੍ਰਿਕਟਰ ਏਜਾਜ਼ ਪਟੇਲ ਨੇ ਮੁੰਬਈ ’ਚ ਭਾਰਤੀ ਟੀਮ ਖ਼ਿਲਾਫ਼ ਦੂਸਰੇ ਟੈਸਟ ’ਚ ਇਕ ਪਾਰੀ ’ਚ 10 ਵਿਕਟਾਂ ਨਾਲ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਸੋਮਵਾਰ ਨੂੰ ਦਸੰਬਰ ਦੇ ਮਹੀਨੇ ਦਾ ਆਈਸੀਸੀ ਦਾ ‘ਪਲੇਅਰ ਆਫ ਦਿਨ ਮੰਥ’ (ਮਹੀਨੇ ਦਾ ਸਰਬੋਤਮ ਖਿਡਾਰੀ) ਪੁਰਸਕਾਰ ਜਿੱਤਿਆ। ਖੱਬੇ ਹੱਥ ਦੇ ਸਪਿਨਰ ਨੂੰ ਭਾਰਤ ਦੇ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਤੇ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਦੇ ਨਾਲ ਇਸ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਸੀ ਪਰ ਪਟੇਲ ਨੇ ਆਪਣੀ ਇਸ ਉਪਲੱਬਧੀ ਦੇ ਬੂਲਬੁਤੇ ਇਨ੍ਹਾਂ ਦੋਵਾਂ ਨੂੰ ਪਛਾੜ ਦਿੱਤਾ।

ਪਟੇਲ ਨੇ ਭਾਰਤ ਖ਼ਿਲਾਫ਼ ਮੁੰਬਈ ਟੈਸਟ ਮੈਚ ’ਚ 14 ਵਿਕਟਾਂ ਹਾਸਲ ਕੀਤੀਆਂ ਸੀ, ਜਿਸ ’ਚ ਪਹਿਲੀ ਪਾਰੀ ’ਚ 10 ਵਿਕਟਾਂ ਹਾਸਲ ਕਰਨਾ ਸ਼ਾਮਲ ਸੀ। ਇਸ ਨਾਲ ਉਹ ਜਿਮ ਲੇਕਰ ਤੇ ਅਨਿਲ ਕੁੰਬਲੇ ਤੋਂ ਬਾਅਦ ਟੈਸਟ ਇਤਿਹਾਸ ’ਚ ਇਹ ਸ਼ਾਨਦਾਰ ਕਾਰਨਾਮਾ ਕਰਨ ਵਾਲੇ ਤੀਸਰੇ ਖਿਡਾਰੀ ਬਣ ਗਏ ਸੀ। ਮੁੰਬਈ ’ਚ ਜਨਮੇ ਪਟੇਲ ਨੇ ਟੈਸਟ ਟੀਮ ਦੇ ਨਾਲ ਭਾਰਤ ਦੇ ਆਪਣੇ ਪਹਿਲੇ ਦੌਰ ’ਤੇ ਆਪਣੇ ਜਨਮ ਸਥਾਨ ’ਤੇ ਇਹ ਉਪਲੱਬਧੀ ਹਾਸਲ ਕੀਤੀ।

Posted By: Susheel Khanna