ਸੇਂਟ ਜਾਰਜ (ਏਐੱਫਪੀ) : ਵਿਸ਼ਵ ਟੀ-20 ਖ਼ਿਤਾਬ ਬਚਾਉਣ ਦੀ ਤਿਆਰੀ ਵਿਚ ਰੁੱਝੀ ਵੈਸਟਇੰਡੀਜ਼ ਦੀ ਟੀਮ ਨੇ ਡਵੇਨ ਬਰਾਵੋ ਨੂੰ ਐਤਵਾਰ ਨੂੰ ਟੀਮ ਵਿਚ ਥਾਂ ਦਿੱਤੀ ਹੈ। ਬਰਾਵੋ ਨੇ ਕੈਰੇਬਿਆਈ ਟੀਮ ਵੱਲੋਂ ਪਿਛਲਾ ਮੈਚ ਤਿੰਨ ਸਾਲ ਤੋਂ ਵੀ ਜ਼ਿਆਦਾ ਸਮਾਂ ਪਹਿਲਾਂ ਖੇਡਿਆ ਸੀ। ਦੋ ਵਾਰ ਵਿਸ਼ਵ ਟੀ-20 ਜਿੱਤਣ ਵਾਲੀ ਵੈਸਟਇੰਡੀਜ਼ ਦੀ ਟੀਮ ਦੇ ਮੈਂਬਰ ਰਹੇ ਬਰਾਵੋ ਨੂੰ ਆਇਰਲੈਂਡ ਖ਼ਿਲਾਫ਼ ਇਸ ਮਹੀਨੇ ਹੋਣ ਵਾਲੀ ਤਿੰਨ ਮੈਚਾਂ ਦੀ ਸੀਰੀਜ਼ ਲਈ 13 ਮੈਂਬਰੀ ਟੀਮ ਵਿਚ ਥਾਂ ਦਿੱਤੀ ਗਈ ਹੈ। ਵੈਸਟਇੰਡੀਜ਼ ਦੀਆਂ ਨਜ਼ਰਾਂ ਅਗਲੇ ਟੀ-20 ਵਿਸ਼ਵ ਕੱਪ ਵਿਚ ਖ਼ਿਤਾਬ ਬਚਾਉਣ 'ਤੇ ਟਿਕੀਆਂ ਹਨ ਜੋ ਕਿ ਅਕਤੂਬਰ-ਨਵੰਬਰ ਵਿਚ ਆਸਟ੍ਰੇਲੀਆ ਵਿਚ ਕਰਵਾਇਆ ਜਾਵੇਗਾ। ਬਰਾਵੋ ਪਿਛਲੀ ਵਾਰ ਵੈਸਟਇੰਡੀਜ਼ ਵੱਲੋਂ ਸਤੰਬਰ 2016 ਵਿਚ ਪਾਕਿਸਤਾਨ ਖ਼ਿਲਾਫ਼ ਟੀ-20 ਮੈਚ ਖੇਡੇ ਸਨ ਜਿਸ ਤੋਂ ਬਾਅਦ ਉਨ੍ਹਾਂ ਨੇ ਫਰੈਂਚਾਈਜ਼ੀ ਕ੍ਰਿਕਟ 'ਤੇ ਧਿਆਨ ਦੇਣ ਲਈ ਸੰਨਿਆਸ ਲੈ ਲਿਆ ਸੀ।

ਰੋਵਮੈਨ ਵੀ ਟੀਮ 'ਚ :

ਹਰਫ਼ਨਮੌਲਾ ਰੋਵਮੈਨ ਪਾਵੇਲ ਦੀ ਵੀ ਟੀਮ ਵਿਚ ਵਾਪਸੀ ਹੋਈ ਹੈ। ਆਇਰਲੈਂਡ ਖ਼ਿਲਾਫ਼ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਵਾਂਗ ਟੀ-20 ਸੀਰੀਜ਼ ਵਿਚ ਵੀ ਰੈਗੂਲਰ ਕਪਤਾਨ ਜੇਸਨ ਹੋਲਡਰ ਨੂੰ ਆਰਾਮ ਦਿੱਤਾ ਗਿਆ ਹੈ। ਕੀਰੋਨ ਪੋਲਾਰਡ ਟੀਮ ਦੀ ਅਗਵਾਈ ਕਰਨਗੇ। ਦੋਵਾਂ ਟੀਮਾਂ ਵਿਚਾਲੇ ਤਿੰਨ ਟੀ-20 ਮੈਚ 15, 18 ਤੇ 19 ਜਨਵਰੀ ਨੂੰ ਖੇਡੇ ਜਾਣਗੇ।