ਜੇਐੱਨਐੱਨ, ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ ਭਾਵ ਆਈਪੀਐੱਲ 2020 ਦੇ ਸੀਜ਼ਨ ਲਈ ਕੋਲਕਾਤਾ ਨਾਈਟ ਰਾਈਡਰਸ (ਕੇਕੇਆਰ) ਨੇ ਇਕ ਕ੍ਰਿਕਟਰ ਨੂੰ ਆਈਪੀਐੱਲ ਦੀ ਨਿਲਾਮੀ 'ਚ ਖ਼ਰੀਦਿਆ ਸੀ, ਪਰ ਬੀਸੀਸੀਆਈ ਦੇ ਨਿਯਮਾਂ ਕਾਰਨ ਹੁਣ ਇਸ ਖਿਡਾਰੀ ਨੂੰ ਆਈਪੀਐੱਲ ਖੇਡਣ ਦਾ ਮੌਕਾ ਨਹੀਂ ਮਿਲੇਗਾ। ਇਹ ਖਿਡਾਰੀ ਕੋਈ ਹੋਰ ਨਹੀਂ, ਬਲਕਿ ਸਭ ਤੋਂ ਜ਼ਿਆਦਾ ਉਮਰ 'ਚ ਆਈਪੀਐੱਲ ਖੇਡਣ ਵਾਲੇ 48 ਸਾਲਾ ਲੇਗ ਸਪਿੰਨਰ ਪ੍ਰਵੀਣ ਤਾਂਬੇ ਹਨ, ਜਿਸਨੂੰ ਆਈਪੀਐੱਲ ਲਈ ਅਯੋਗ ਐਲਾਨ ਕੀਤਾ ਗਿਆ ਹੈ।

ਹਾਲਾਂਕਿ, ਪ੍ਰਵੀਣ ਤਾਂਬੇ ਲਈ ਚੰਗੀ ਖ਼ਬਰ ਇਹ ਹੈ ਕਿ ਇਹ ਖਿਡਾਰੀ ਹਾਲੇ ਵੀ ਕੋਲਕਾਤਾ ਦੀ ਟੀਮ ਦੇ ਨਾਲ ਜੁੜਿਆ ਰਹੇਗਾ। ਬੀਸੀਸੀਆਈ ਦੇ ਨਿਯਮਾਂ ਕਾਰਨ ਇਕ ਕ੍ਰਿਕਟਰ ਦੇ ਤੌਰ 'ਤੇ ਤਾਂ ਨਹੀਂ, ਬਲਕਿ ਇਕ ਕੋਚਿੰਗ ਸਟਾਫ ਦੇ ਮੈਂਬਰ ਦੇ ਤੌਰ 'ਤੇ ਕੇਕੇਆਰ ਟੀਮ 'ਚ ਇਸ ਖਿਡਾਰੀ ਨੂੰ ਥਾਂ ਮਿਲੀ ਹੈ। ਕੇਕੇਆਰ ਟੀਮ ਦੇ ਸੀਈਓ ਵੇਂਕੀ ਮੈਸੂਰ ਨੇ ਇਸ ਗੱਲ ਦਾ ਖ਼ੁਲਾਸਾ ਕਰ ਦਿੱਤਾ ਹੈ ਕਿ ਪ੍ਰਵੀਣ ਤਾਂਬੇ ਯੂਏਈ 'ਚ ਟੀਮ ਨੂੰ ਕੋਚਿੰਗ ਸਟਾਫ ਦੇ ਮੈਂਬਰ ਦੇ ਤੌਰ 'ਤੇ ਜੁਆਇੰਨ ਕਰਨ ਵਾਲੇ ਹਨ।

ਦਰਅਸਲ, ਪ੍ਰਵੀਣ ਤਾਂਬੇ ਨੇ ਵਿਦੇਸ਼ੀ ਟੀ-20 ਅਤੇ ਟੀ-10 ਲੀਗ 'ਚ ਹਿੱਸਾ ਲਿਆ ਸੀ। ਇਸ ਕਾਰਨ ਬੀਸੀਸੀਆਈ ਨੇ ਉਨ੍ਹਾਂ ਨੂੰ ਆਈਪੀਐੱਲ 2020 ਲਈ ਅਯੋਗ ਐਲਾਨ ਕਰ ਦਿੱਤਾ ਸੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਭਾਵ ਬੀਸੀਸੀਆਈ ਉਨ੍ਹਾਂ ਖਿਡਾਰੀਆਂ ਨੂੰ ਵਿਦੇਸ਼ੀ ਟੀ-20 ਲੀਗ 'ਚ ਖੇਡਣ ਲਈ ਆਗਿਆ ਨਹੀਂ ਦਿੰਦੀਆਂ ਹਨ, ਜੋ ਭਾਰਤ 'ਚ ਘਰੇਲੂ ਕ੍ਰਿਕਟ ਖੇਡਣਾ ਚਾਹੁੰਦੇ ਹਨ ਅਤੇ ਆਈਪੀਐੱਲ ਖੇਡਣਾ ਚਾਹੁੰਦੇ ਹਨ। ਉਥੇ ਹੀ ਜੇਕਰ ਕੋਈ ਖਿਡਾਰੀ ਵਿਦੇਸ਼ੀ ਲੀਗ 'ਚ ਖੇਡਣਾ ਚਾਹੁੰਦਾ ਹੈ ਤਾਂ ਉਸਨੂੰ ਭਾਰਤੀ ਕ੍ਰਿਕਟ ਤੋਂ ਸੰਨਿਆਸ ਲੈਣਾ ਹੋਵੇਗਾ।

48 ਸਾਲਾਂ ਪ੍ਰਵੀਣ ਤਾਂਬੇ ਨੇ ਬੀਸੀਸੀਆਈ ਦੀ ਆਗਿਆ ਲਏ ਬਿਨਾਂ ਵਿਦੇਸ਼ੀ ਲੀਗ 'ਚ ਹਿੱਸਾ ਲਿਆ ਸੀ। ਇਥੋਂ ਤਕ ਕਿ ਕੈਰੇਬਿਯਨ ਪ੍ਰੀਮੀਅਰ ਲੀਗ ਭਾਵ ਸੀਪੀਐੱਲ ਦੇ 2020 ਦੇ ਸੀਜ਼ਨ 'ਚ ਉਹ ਤ੍ਰਿਨਬਾਗੋ ਨਾਈਟ ਰਾਈਡਰਜ਼ ਟੀਮ ਦਾ ਹਿੱਸਾ ਸਨ, ਜਿਸਦੇ ਕੋਚ ਬ੍ਰੈਂਡਨ ਮੈਕੁਲਮ ਸਨ। ਟੀਮ ਨੇ ਖ਼ਿਤਾਬ ਜਿੱਤਿਆ। ਇਹ ਟੀਮ ਵੀ ਸ਼ਾਹਰੁਖ ਖ਼ਾਨ ਦੇ ਮਾਲਿਕਾਨਾ ਹੱਕ ਵਾਲੀ ਟੀਮ ਹੈ। ਅਜਿਹੇ 'ਚ ਕੇਕੇਆਰ ਅਤੇ ਟੀਕੇਆਰ ਦੇ ਸੀਈਓ ਨੇ ਕਿਹਾ ਕਿ ਮੈਕੁਲਮ ਦੇ ਨਾਲ ਕੇਕੇਆਰ ਨੂੰ ਯੂਏਈ 'ਚ ਜੁਆਇੰਨ ਕਰਨਗੇ ਅਤੇ ਕੋਚਿੰਗ ਸਟਾਫ ਦਾ ਹਿੱਸਾ ਹੋਣਗੇ।

Posted By: Ramanjit Kaur