ਨਵੀਂ ਦਿੱਲੀ (ਜੇਐੱਨਐੱਨ) : ਤੁਹਾਨੂੰ ਉਹ ਕ੍ਰਿਕਟ ਪ੍ਰਸ਼ੰਸਕ ਤਾਂ ਯਾਦ ਹੋਵੇਗਾ ਜਿਸ ਨੇ ਵਿਸ਼ਵ ਕੱਪ 2019 'ਚ ਭਾਰਤ ਖ਼ਿਲਾਫ਼ ਮਿਲੀ ਹਾਰ ਤੋਂ ਬਾਅਦ ਪਾਕਿਸਤਾਨੀ ਖਿਡਾਰੀਆਂ ਵੱਲੋਂ ਬਹੁਤ ਜ਼ਿਆਦਾ ਬਰਗਰ ਤੇ ਪੀਜ਼ਾ ਖਾਣ 'ਤੇ ਆਪਣਾ ਆਪਾ ਗੁਆ ਦਿੱਤਾ ਸੀ। ਪਾਕਿਸਤਾਨੀ ਟੀਮ ਦੇ ਨਵੇਂ ਮੁੱਖ ਕੋਚ ਤੇ ਚੋਣਕਾਰ ਮਿਸਬਾਹ ਉਲ ਹਕ ਨੇ ਉਸ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਲਿਆ ਤੇ ਖਿਡਾਰੀਆਂ ਦੀ ਫਿਟਨੈੱਸ ਵਧਾਉਣ ਲਈ ਨਵਾਂ ਡਾਈਟ ਪਲਾਨ ਤਿਆਰ ਕੀਤਾ ਹੈ। ਕੋਚ ਨੇ ਇਨ੍ਹਾਂ ਤਬਦੀਲੀਆਂ ਨੂੰ ਮੌਜੂਦਾ ਘਰੇਲੂ ਟੂਰਨਾਮੈਂਟ ਕਾਇਦ-ਏ ਆਜ਼ਮ ਟਰਾਫੀ 'ਚ ਲਾਗੂ ਕਰ ਦਿੱਤਾ ਹੈ ਤੇ ਜਲਦੀ ਹੀ ਇਹ ਤਬਦੀਲੀ ਇਸੇ ਤਰ੍ਹਾਂ ਰਾਸ਼ਟਰੀ ਟੀਮ 'ਤੇ ਵੀ ਲਾਗੂ ਹੋਵੇਗੀ। ਸੂਤਰ ਨੇ ਦੱਸਿਆ ਕਿ ਖਿਡਾਰੀਆਂ ਨੂੰ ਹੁਣ ਬਿਰੀਆਨੀ, ਨਿਹਾਰੀ, ਕੋਰਮਾ ਤੇ ਮਠਿਆਈ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ। ਉਨ੍ਹਾਂ ਨੂੰ ਡਾਈਟ 'ਤੇ ਫੋਕਸ ਰੱਖਣ ਲਈ ਕਿਹਾ ਗਿਆ ਹੈ। ਵਿਸ਼ਵ ਕੱਪ ਵਿਚ ਭਾਰਤ ਖ਼ਿਲਾਫ਼ ਹਾਰ ਤੋਂ ਬਾਅਦ ਸਾਰੇ ਪਾਕਿਸਤਾਨੀ ਖਿਡਾਰੀਆਂ ਨੂੰ ਮਜ਼ਾਕ ਸਹਿਣਾ ਪਿਆ ਸੀ। ਟੂਰਨਾਮੈਂਟ ਵਿਚ ਜਿਵੇਂ ਹੀ ਪਾਕਿਸਤਾਨੀ ਟੀਮ ਨੂੰ 89 ਦੌੜਾਂ ਦੀ ਮਾਤ ਮਿਲੀ ਤਾਂ ਖਿਡਾਰੀਆਂ ਨੂੰ ਉਨ੍ਹਾਂ ਦੇ ਵਜ਼ਨ ਕਾਰਨ ਸਖ਼ਤ ਨਿੰਦਾ ਦਾ ਸਾਹਮਣਾ ਕਰਨਾ ਪਿਆ ਸੀ।