ਰਾਂਚੀ (ਜੇਐੱਨਐੱਨ) : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਚਾਹੁਣ ਵਾਲਿਆਂ ਲਈ ਖ਼ੁਸ਼ਖ਼ਬਰੀ ਹੈ। ਉਨ੍ਹਾਂ ਦੀ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦੀ ਜਾਂਚ ਰਿਪੋਰਟ ਵੀਰਵਾਰ ਨੂੰ ਨੈਗੇਟਿਵ ਆਈ ਹੈ। ਹੁਣ ਉਨ੍ਹਾਂ ਦੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) 2020 ਵਿਚ ਸ਼ਾਮਲ ਹੋਣ ਦਾ ਰਾਹ ਸਾਫ਼ ਹੋ ਗਿਆ ਹੈ। ਉਥੇ ਆਈਪੀਐੱਲ ਤੋਂ ਪਹਿਲਾਂ 15 ਅਗਸਤ ਤੋਂ ਚੇਨਈ ਵਿਚ ਚੇਨਈ ਸੁਪਰ ਕਿੰਗਜ਼ (ਸੀਐੱਸਕੇ) ਦਾ ਸਿਖਲਾਈ ਕੈਂਪ ਲਾਇਆ ਜਾਣਾ ਹੈ। ਕੋਰੋਨਾ ਰਿਪੋਰਟ ਨੈਗੇਟਿਵ ਹੋਣ ਤੋਂ ਬਾਅਦ ਧੋਨੀ ਹੁਣ ਉਸ ਕੈਂਪ ਦਾ ਵੀ ਹਿੱਸਾ ਬਣ ਸਕਣਗੇ ਕਿਉਂਕਿ ਕੇਂਦਰ ਸਰਕਾਰ ਤੇ ਬੀਸੀਸੀਆਈ ਵੱਲੋਂ ਜਾਰੀ ਨਿਰਦੇਸ਼ਾਂ ਵਿਚ ਟ੍ਰੇਨਿੰਗ ਕੈਂਪ ਵਿਚ ਸ਼ਾਮਲ ਹੋਣ ਲਈ ਕੋਵਿਡ ਟੈਸਟ ਕਰਵਾਉਣਾ ਜ਼ਰੂਰੀ ਹੈ। ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਹੀ ਕੈਂਪ ਤੇ ਆਈਪੀਐੱਲ ਮੈਚ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਣੀ ਹੈ। ਕੇਂਦਰ ਸਰਕਾਰ ਤੇ ਬੀਸੀਸੀਆਈ ਦੇ ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਧੋਨੀ ਨੇ ਬੁੱਧਵਾਰ ਨੂੰ ਕੋਵਿਡ ਟੈਸਟ ਲਈ ਆਪਣਾ ਸੈਂਪਲ ਦਿੱਤਾ ਸੀ। ਰਾਂਚੀ ਦੇ ਗੁਰੂ ਨਾਨਕ ਹਸਪਤਾਲ ਦੀ ਮੈਡੀਕਲ ਟੀਮ ਨੇ ਉਨ੍ਹਾਂ ਦੇ ਘਰ ਜਾ ਕੇ ਜਾਂਚ ਲਈ ਸੈਂਪਲ ਲਿਆ ਸੀ। ਵੀਰਵਾਰ ਦੀ ਦੁਪਹਿਰ ਲਗਭਗ 3.15 ਵਜੇ ਜਾਂਚ ਕੇਂਦਰ ਤੋਂ ਦੱਸਿਆ ਗਿਆ ਕਿ ਰਿਪੋਰਟ ਨੈਗੇਟਿਵ ਆਈ ਹੈ।