ਮੁੰਬਈ (ਪੀਟੀਆਈ) : ਸਾਬਕਾ ਭਾਰਤੀ ਬੱਲੇਬਾਜ਼ ਸੰਜੇ ਮਾਂਜਰੇਕਰ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਮਹਿੰਦਰ ਸਿੰਘ ਧੋਨੀ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਜਦ ਤਕ ਉਹ ਟੀਮ ਵਿਚ ਸਭ ਤੋਂ ਤੇਜ਼ ਦੌੜਨ ਵਾਲੇ ਖਿਡਾਰੀ ਨੂੰ ਪਛਾੜਦੇ ਰਹਿਣਗੇ, ਤਦ ਤਕ ਉਹ ਖ਼ੁਦ ਨੂੰ ਅੰਤਰਰਾਸ਼ਟਰੀ ਕ੍ਰਿਕਟ ਲਈ ਫਿੱਟ ਸਮਝਣਗੇ। ਮਸ਼ਹੂਰ ਕੁਮੈਂਟੇਟਰ ਮਾਂਜਰੇਕਰ ਨੇ ਕਿਹਾ ਕਿ ਦੋ ਵਾਰ ਦੇ ਵਿਸ਼ਵ ਕੱਪ ਜੇਤੂ ਸਾਬਕਾ ਕਪਾਤਨ ਦੇ ਨਾਲ ਉਨ੍ਹਾਂ ਦੀ 2017 ਵਿਚ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਵਿਆਹ ਦੌਰਾਨ ਅੰਤਰਰਾਸ਼ਟਰੀ ਕ੍ਰਿਕਟ ਵਿਚ ਉਨ੍ਹਾਂ ਦੇ ਭਵਿੱਖ ਨੂੰ ਲੈ ਕੇ ਗੱਲਬਾਤ ਹੋਈ ਸੀ। ਮਾਂਜਰੇਕਰ ਨੇ ਕਿਹਾ ਕਿ ਤੇਂਦੁਲਕਰ ਤੇ ਧੋਨੀ ਵਰਗੇ ਲੋਕ ਚੈਂਪੀਅਨ ਕ੍ਰਿਕਟਰ ਹਨ। ਤੁਸੀਂ ਕਦੀ ਵੀ ਧੋਨੀ ਨੂੰ ਜਨਤਕ ਮੰਚ ਜਿਵੇਂ ਕ੍ਰਿਕਟ ਦੇ ਮੈਦਾਨ 'ਤੇ ਥੋੜ੍ਹਾ ਜਿਹਾ ਵੀ ਅਨਫਿੱਟ ਨਹੀਂ ਦੇਖੋਗੇ ਜਾਂ ਉਹ ਹਿੱਸਾ ਨਹੀਂ ਲੈ ਪਾ ਰਿਹਾ, ਅਜਿਹਾ ਨਹੀਂ ਦੇਖੋਗੇ। ਮਾਂਜਰੇਕਰ ਨੇ ਕਿਹਾ ਕਿ ਉਹ ਆਈਪੀਐੱਲ ਵਿਚ ਚੰਗਾ ਪ੍ਰਦਰਸ਼ਨ ਕਰੇਗਾ ਤੇ ਅੰਤਰਰਾਸ਼ਟਰੀ ਪੱਧਰ ਦੀ ਤੁਲਨਾ ਵਿਚ ਆਈਪੀਐੱਲ ਵਿਚ ਉਨ੍ਹਾਂ ਦੇ ਇੰਨਾ ਜ਼ਿਆਦਾ ਕਾਮਯਾਬ ਤੇ ਨਿਰੰਤਰ ਹੋਣ ਦਾ ਇਕ ਕਾਰਨ ਇਹ ਵੀ ਹੈ ਕਿ ਬਤੌਰ ਬੱਲੇਬਾਜ਼ ਉਹ ਜਾਣਦਾ ਹੈ ਕਿ ਸਿਰਫ਼ ਚਾਰ ਤੋਂ ਪੰਜ ਗੇਂਦਬਾਜ਼ ਹੀ ਹਨ ਜਿਨ੍ਹਾਂ ਖ਼ਿਲਾਫ਼ ਚੌਕਸ ਹੋ ਕੇ ਖੇਡਣਾ ਪਵੇਗਾ।