ਆਕਲੈਂਡ (ਪੀਟੀਆਈ) : ਟੀ-20 ਫਾਰਮੈਟ ਵਿਚ ਪੁਰਾਣਾ ਵਤੀਰਾ ਅਪਨਾਉਣ ਕਾਰਨ ਨਿੰਦਾ ਸਹਿ ਰਹੀ ਭਾਰਤੀ ਕ੍ਰਿਕਟ ਟੀਮ ਨਿਊਜ਼ੀਲੈਂਡ ਖ਼ਿਲਾਫ਼ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੀ ਤਿੰਨ ਵਨ ਡੇ ਮੈਚਾਂ ਦੀ ਸੀਰੀਜ਼ ਨਾਲ ਅਗਲੇ ਸਾਲ ਹੋਣ ਵਾਲੇ 50 ਓਵਰਾਂ ਦੇ ਵਿਸ਼ਵ ਕੱਪ ਦੀਆਂ ਤਿਆਰੀਆਂ ਦੀ ਵੀ ਸ਼ੁਰੂਆਤ ਕਰੇਗੀ। ਭਾਰਤ ਵਿਚ ਹੋਣ ਵਾਲੇ ਵਨ ਡੇ ਵਿਸ਼ਵ ਕੱਪ ਦੇ ਸ਼ੁਰੂ ਹੋਣ ਵਿਚ ਹੁਣ ਸਿਰਫ਼ 11 ਮਹੀਨੇ ਦਾ ਸਮਾਂ ਬਚਿਆ ਹੈ ਤੇ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੀ ਸੀਰੀਜ਼ ਨਾਲ ਭਾਰਤ ਦੇ ਮੱਧਕ੍ਰਮ ਤੇ ਗੇਂਦਬਾਜ਼ੀ ਹਮਲੇ ਨੂੰ ਲੈ ਕੇ ਹਰ ਕਿਸੇ ਨੂੰ ਸ਼ੁਰੂਆਤੀ ਵਿਚਾਰ ਮਿਲੇਗਾ।

ਨਿਊਜ਼ੀਲੈਂਡ ਖ਼ਿਲਾਫ਼ ਇਸ ਸੀਰੀਜ਼ ਲਈ ਭਾਰਤ ਦੇ ਪੰਜ ਸੀਨੀਅਰ ਖਿਡਾਰੀ ਕਪਤਾਨ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਕੇਐੱਲ ਰਾਹੁਲ, ਜਸਪ੍ਰਰੀਤ ਬੁਮਰਾਹ ਤੇ ਰਵਿੰਦਰ ਜਡੇਜਾ ਸ਼ਾਮਲ ਨਹੀਂ। ਇਸ ਕਾਰਨ ਕੁਝ ਹੱਦ ਤਕ ਇਹ ਪਤਾ ਲੱਗ ਜਾਵੇਗਾ ਕਿ ਟੀਮ ਕਿਸ ਦਿਸ਼ਾ ਵਿਚ ਅੱਗੇ ਵਧ ਰਹੀ ਹੈ। ਹਾਲਾਂਕਿ ਟੀਮ ਵਿਚ ਉਨ੍ਹਾਂ ਦੀ ਵਾਪਸੀ ਤੋਂ ਬਾਅਦ ਟੀਮ ਵਿਚ ਕਾਫੀ ਤਬਦੀਲੀ ਦੇਖਣ ਨੂੰ ਮਿਲੇਗੀ। ਸ਼ੁਭਮਨ ਗਿੱਲ ਨੇ ਵਨ ਡੇ ਵਿਚ ਸਲਾਮੀ ਬੱਲੇਬਾਜ਼ ਦੇ ਰੂਪ ਵਿਚ ਖ਼ੁਦ ਨੂੰ ਸਾਬਤ ਕੀਤਾ ਹੈ। ਉਨ੍ਹਾਂ ਨੇ ਹੁਣ ਤਕ ਜਿੰਨੇ ਵੀ ਵਨ ਡੇ ਮੈਚ ਖੇਡੇ ਹਨ ਉਨ੍ਹਾਂ ਦਾ ਅੌਸਤ 57 ਦੌੜਾਂ ਪ੍ਰਤੀ ਪਾਰੀ ਤੋਂ ਵੱਧ ਤੇ ਸਟ੍ਰਾਈਕ ਰੇਟ 100 ਤੋਂ ਵੱਧ ਹੈ। ਮੱਧ ਕ੍ਰਮ ਵਿਚ ਭਾਰਤ ਕੋਲ ਸ਼੍ਰੇਅਸ ਅਈਅਰ ਵੀ ਹਨ ਜਿਨ੍ਹਾਂ ਨੇ ਸ਼ਾਰਟ ਪਿੱਚ ਗੇਂਦਾਂ ਨੂੰ ਖੇਡਣ ਵਿਚ ਪਰੇਸ਼ਾਨੀ ਹੋਣ ਦੇ ਬਾਵਜੂਦ ਲਗਾਤਾਰ ਚੰਗਾ ਪ੍ਰਦਰਸ਼ਨ ਕੀਤਾ ਹੈ। ਸੂਰਿਆ ਕੁਮਾਰ ਯਾਦਵ ਇਸ ਸਮੇਂ ਬਿਹਤਰੀਨ ਲੈਅ ਵਿਚ ਚੱਲ ਰਹੇ ਹਨ ਤੇ ਜੇ ਉਹ ਫਿੱਟ ਰਹਿੰਦੇ ਹਨ ਤਾਂ ਫਿਰ ਉਨ੍ਹਾਂ ਨੂੰ ਬਾਹਰ ਨਹੀਂ ਕੀਤਾ ਜਾ ਸਕਦਾ। ਸੰਜੂ ਸੈਮਸਨ ਨੂੰ ਵੀ ਲੰਬੇ ਸਮੇਂ ਤਕ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ ਜਦਕਿ ਆਪਣੀ ਹਰਫ਼ਨਮੌਲਾ ਖੇਡ ਕਾਰਨ ਦੀਪਕ ਹੁੱਡਾ ਨੂੰ ਵੀ ਬਾਹਰ ਕਰਨਾ ਸਹੀ ਨਹੀਂ ਹੋਵੇਗਾ।

ਦੀਪਕ ਚਾਹਰ ਤੇ ਸ਼ਾਰਦੁਲ ਠਾਕੁਰ ਨੂੰ ਨਵੀਂ ਗੇਂਦ ਦੀ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ। ਇਹ ਦੋਵੇਂ ਹੇਠਲੇ ਨੰਬਰ ਵਿਚ ਬੱਲੇਬਾਜ਼ੀ ਦਾ ਬਦਲ ਵੀ ਮੁਹੱਈਆ ਕਰਵਾਉਣਗੇ। ਅਰਸ਼ਦੀਪ ਸਿੰਘ ਤੀਜੇ ਬਦਲ ਹੋ ਸਕਦੇ ਹਨ ਪਰ ਉਹ ਲਗਾਤਾਰ ਖੇਡ ਰਹੇ ਹਨ ਤੇ ਇਸ ਕਾਰਨ ਕੁਲਦੀਪ ਸੇਨ ਜਾਂ ਉਮਰਾਨ ਮਲਿਕ ਨੂੰ ਮੌਕਾ ਮਿਲ ਸਕਦਾ ਹੈ। ਸਪਿੰਨਰਾਂ ਵਿਚ ਵਾਸ਼ਿੰਗਟਨ ਸੁੰਦਰ ਨੂੰ ਆਖ਼ਰੀ ਇਲੈਵਨ ਵਿਚ ਥਾਂ ਮਿਲਣ ਦੀ ਸੰਭਾਵਨਾ ਹੈ। ਈਡਨ ਪਾਰਕ ਦਾ ਮੈਦਾਨ ਛੋਟਾ ਹੈ ਤੇ ਇਸ ਵਿਚ ਧਵਨ ਨੂੰ ਇਸ 'ਤੇ ਵਿਚਾਰ ਕਰਨਾ ਪਵੇਗਾ ਕਿ ਉਹ ਵਾਧੂ ਤੇਜ਼ ਗੇਂਦਬਾਜ਼ ਦੇ ਨਾਲ ਖੇਡਣ ਜਾਂ ਕੁਲਦੀਪ ਯਾਦਵ ਦੇ ਰੂਪ ਵਿਚ ਵਾਧੂ ਸਪਿੰਨਰ ਰੱਖਣ।

ਕੀਵੀ ਟੀਮ 'ਚ ਤਬਦੀਲੀ ਦੀ ਸੰਭਾਵਨਾ ਘੱਟ :

ਨਿਊਜ਼ੀਲੈਂਡ ਦੀ ਟੀਮ ਲਗਭਗ ਉਹੀ ਰਹਿਣ ਵਾਲੀ ਹੈ ਜਿਸ ਨੇ ਟੀ-20 ਸੀਰੀਜ਼ 'ਚ ਹਿੱਸਾ ਲਿਆ ਸੀ। ਉਸ ਦਾ ਗੇਂਦਬਾਜ਼ੀ ਹਮਲਾ ਕਾਫੀ ਮਜ਼ਬੂਤ ਹੈ ਜਿਸ ਵਿਚ ਸਵਿੰਗ ਕਰਵਾਉਣ ਵਿਚ ਮਾਹਿਰ ਟੀਮ ਸਾਊਥੀ, ਐਡਮ ਮਿਲਨੇ, ਲਾਕੀ ਫਰਗਿਊਸਨ, ਮੈਟ ਹੈਨਰੀ ਤੇ ਸਪਿੰਨਰ ਮਿਸ਼ੇਲ ਸੈਂਟਨਰ ਸ਼ਾਮਲ ਹਨ।

ਦੋਵਾਂ ਟੀਮਾਂ 'ਚ ਸ਼ਾਮਲ ਖਿਡਾਰੀ

ਭਾਰਤ :

ਸ਼ਿਖਰ ਧਵਨ (ਕਪਤਾਨ), ਸ਼ੁਭਮਨ ਗਿੱਲ, ਸੂਰਿਆ ਕੁਮਾਰ ਯਾਦਵ, ਸ਼੍ਰੇਅਸ ਅਈਅਰ, ਰਿਸ਼ਭ ਪੰਤ (ਵਿਕਟਕੀਪਰ), ਸੰਜੂ ਸੈਮਸਨ (ਵਿਕਟਕੀਪਰ), ਦੀਪਕ ਹੁੱਡਾ, ਸ਼ਾਹਬਾਜ਼ ਅਹਿਮਦ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਯੁਜਵਿੰਦਰ ਸਿੰਘ ਚਹਿਲ, ਦੀਪਕ ਚਾਹਰ, ਅਰਸ਼ਦੀਪ ਸਿੰਘ, ਸ਼ਾਰਦੁਲ ਠਾਕੁਰ, ਕੁਲਦੀਪ ਸੇਨ, ਉਮਰਾਨ ਮਲਿਕ।

ਨਿਊਜ਼ੀਲੈਂਡ :

ਕੇਨ ਵਿਲੀਅਮਸਨ (ਕਪਤਾਨ), ਫਿਨ ਏਲੇਨ, ਡੇਵੋਨ ਕਾਨਵੇ, ਟਾਮ ਲੈਥਮ, ਡੇਰਿਲ ਮਿਸ਼ੇਲ, ਗਲੇਨ ਫਿਲਿਪਸ, ਮਾਈਕਲ ਬ੍ਰੇਸਵੇਲ, ਟਿਮ ਸਾਊਥੀ, ਮੈਟ ਹੈਨਰੀ, ਐਡਮ ਮਿਲਨੇ, ਜਿਮੀ ਨੀਸ਼ਾਮ, ਮਿਸ਼ੇਲ ਸੈਂਟਨਰ, ਲਾਕੀ ਫਰਗਿਊਸਨ।