ਨਵੀਂ ਦਿੱਲੀ (ਪੀਟੀਆਈ) : ਭਾਰਤੀ ਟੀਮ ਦਾ ਨਿਊਜ਼ੀਲੈਂਡ ਦਾ ਦੌਰਾ ਅਜੇ ਸ਼ੁਰੂ ਵੀ ਨਹੀਂ ਹੋਇਆ ਤੇ ਉਸ ਤੋਂ ਪਹਿਲਾਂ ਹੀ ਭਾਰਤੀ ਖਿਡਾਰੀਆਂ ਨੂੰ ਸੱਟਾਂ ਨੇ ਘੇਰ ਲਿਆ ਹੈ। ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੂੰ ਆਸਟ੍ਰੇਲੀਆ ਖ਼ਿਲਾਫ਼ ਪਿਛਲੇ ਦਿਨੀਂ ਸਮਾਪਤ ਹੋਈ ਤਿੰਨ ਮੈਚਾਂ ਦੀ ਘਰੇਲੂ ਵਨ ਡੇ ਸੀਰੀਜ਼ ਦੇ ਬੈਂਗਲੁਰੂ ਵਿਚ ਖੇਡੇ ਗਏ ਆਖ਼ਰੀ ਮੈਚ ਵਿਚ ਮੋਢੇ 'ਚ ਸੱਟ ਲੱਗੀ ਸੀ। ਇਸ ਕਾਰਨ ਧਵਨ ਨਿਊਜ਼ੀਲੈਂਡ ਖ਼ਿਲਾਫ਼ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੀ ਪੰਜ ਮੈਚਾਂ ਦੀ ਟੀ-20 ਸੀਰੀਜ਼ ਤੇ ਉਸ ਤੋਂ ਬਾਅਦ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ 'ਚੋਂ ਬਾਹਰ ਹੋ ਗਏ ਹਨ।

ਦੂਜੇ ਪਾਸੇ ਇਸ਼ਾਂਤ ਸ਼ਰਮਾ ਗਿੱਟਾ ਮੁੜਨ ਕਾਰਨ ਨਿਊਜ਼ੀਲੈਂਡ ਦੌਰੇ 'ਤੇ ਜਾਣ ਵਾਲੀ ਟੈਸਟ ਸੀਰੀਜ਼ ਦਾ ਹਿੱਸਾ ਨਹੀਂ ਹੋਣਗੇ। ਉਨ੍ਹਾਂ ਨੂੰ ਰਣਜੀ ਟਰਾਫੀ ਮੈਚ ਦੌਰਾਨ ਸੱਟ ਲੱਗੀ ਸੀ। ਧਵਨ ਆਸਟ੍ਰੇਲੀਆ ਖ਼ਿਲਾਫ਼ ਤੀਜੇ ਵਨ ਡੇ ਵਿਚ ਪਾਰੀ ਦੀ ਸ਼ੁਰੂਆਤ ਕਰਨ ਵੀ ਨਹੀਂ ਉਤਰੇ ਸਨ। ਉਨ੍ਹਾਂ ਦਾ ਐਕਸਰੇ ਕਰਵਾਇਆ ਗਿਆ ਸੀ। ਉਨ੍ਹਾਂ ਦੀ ਥਾਂ ਕੇਐੱਲ ਰਾਹੁਲ ਨੇ ਰੋਹਿਤ ਸ਼ਰਮਾ ਨਾਲ ਪਾਰੀ ਦੀ ਸ਼ੁਰੂਆਤ ਕੀਤੀ ਸੀ। ਧਵਨ ਆਸਟ੍ਰੇਲੀਆਈ ਪਾਰੀ ਵਿਚ ਪੂਰਾ ਸਮਾਂ ਫੀਲਡਿੰਗ ਕਰਨ ਨਹੀਂ ਉਤਰੇ।

ਇਸ ਤੋਂ ਪਹਿਲਾਂ ਦੂਜੇ ਵਨ ਡੇ ਵਿਚ ਬੱਲੇਬਾਜ਼ੀ ਦੌਰਾਨ ਪੈਟ ਕਮਿੰਸ ਦਾ ਬਾਊਂਸਰ ਉਨ੍ਹਾਂ ਦੀਆਂ ਪਸਲੀਆਂ 'ਤੇ ਲੱਗਾ ਸੀ। ਬੀਸੀਸੀਆਈ ਦੇ ਅਧਿਕਾਰੀ ਨੇ ਕਿਹਾ ਕਿ ਹਾਂ ਧਵਨ ਟੀ-20 ਸੀਰੀਜ਼ 'ਚੋਂ ਬਾਹਰ ਹੋ ਗਏ ਹਨ। ਧਵਨ ਦੀ ਥਾਂ ਟੀ 20 'ਚ ਸੰਜੂ ਸੈਮਸਨ ਤੇ ਵਨ ਡੇ 'ਚ ਪਿ੍ਰਥਵੀ ਸ਼ਾਅ ਨੂੰ ਸ਼ਾਮਲ ਕੀਤਾ ਗਿਆ ਹੈ। ਇਸ਼ਾਂਤ ਨੇ ਰਣਜੀ ਟਰਾਫੀ ਦੌਰਾਨ ਵਿਦਰਭ ਦੀ ਪਹਿਲੀ ਪਾਰੀ ਵਿਚ 46 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਸਨ। ਇਸ਼ਾਂਤ ਦਾ ਇਹ ਰਣਜੀ ਸੈਸ਼ਨ ਵਿਚ ਆਖ਼ਰੀ ਮੈਚ ਸੀ ਕਿਉਂਕਿ ਉਨ੍ਹਾਂ ਦਾ ਨਿਊਜ਼ੀਲੈਂਡ ਦੌਰੇ 'ਤੇ ਟੈਸਟ ਟੀਮ ਵਿਚ ਚੁਣਿਆ ਜਾਣਾ ਤੈਅ ਮੰਨਿਆ ਜਾ ਰਿਹਾ ਸੀ। ਉਨ੍ਹਾਂ ਦਾ ਅਗਲਾ ਮੁਕਾਬਲਾ ਹੈਮਿਲਟਨ ਵਿਚ ਅਭਿਆਸ ਮੈਚ ਸੀ ਪਰ ਕਿਉਂਕਿ ਇਹ ਸੱਟ ਗੰਭੀਰ ਹੈ ਤਾਂ ਉਨ੍ਹਾਂ ਨੂੰ ਰਿਹੈਬਿਲਿਟੇਸ਼ਨ ਲਈ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨਸੀਏ) ਜਾਣਾ ਪਵੇਗਾ। ਟੀ-20 ਟੀਮ 'ਚ ਵਿਰਾਟ, ਰੋਹਿਤ, ਸੰਜੂ ਸੈਮਸਨ, ਲੋਕੇਸ਼ ਰਾਹੁਲ, ਸ਼੍ਰੇਅਸ, ਮਨੀਸ਼, ਰਿਸ਼ਭ, ਸ਼ਿਵਮ, ਕੁਲਦੀਪ, ਯੁਜਵਿੰਦਰ, ਵਾਸ਼ਿੰਗਟਨ, ਬੁਮਰਾਹ, ਸ਼ਮੀ, ਨਵਦੀਪ, ਜਡੇਜਾ, ਸ਼ਾਰਦੁਲ ਤੇ ਵਨਡੇ ਟੀਮ ਵਿਚ ਵਿਰਾਟ, ਰੋਹਿਤ, ਪਿ੍ਰਥਵੀ ਸ਼ਾਅ, ਲੋਕੇਸ਼ ਰਾਹੁਲ, ਸ਼੍ਰੇਅਸ, ਮਨੀਸ਼, ਰਿਸ਼ਭ, ਸ਼ਿਵਮ ਦੂਬੇ, ਕੁਲਦੀਪ, ਯੁਜਵਿੰਦਰ, ਜਡੇਜਾ, ਬੁਮਰਾਹ, ਸ਼ਮੀ, ਨਵਦੀਪ, ਸ਼ਾਰਦੁਲ, ਕੇਦਾਰ ਜਾਧਵ ਨੂੰ ਸ਼ਾਮਲ ਕੀਤਾ ਗਿਆ ਹੈ।