ਮਾਨਚੈਸਟਰ (ਏਪੀ) : ਪਿਛਲੇ ਇਕ ਦਹਾਕੇ ਦਾ ਆਪਣਾ ਸਭ ਤੋਂ ਖ਼ਰਾਬ ਪ੍ਰਦਰਸ਼ਨ ਕਰਨ ਦੇ ਬਾਵਜੂਦ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਦਾ ਸੰਨਿਆਸ ਲੈਣ ਦਾ ਇਰਾਦਾ ਨਹੀਂ ਹੈ। ਦੇਸ਼ ਦੇ ਸਭ ਤੋ ਸਫਲ ਗੇਂਦਬਾਜ਼ ਦਾ ਕਰੀਅਰ ਕੀ ਖ਼ਤਮ ਹੋ ਗਿਆ ਹੈ, ਇਸ ਸਬੰਧ 'ਚ ਹਾਲ ਹੀ 'ਚ 38 ਸਾਲ ਦੇ ਹੋਏ ਐਂਡਰਸਨ ਨੇ ਸੋਮਵਾਰ ਨੂੰ ਕਿਹਾ, 'ਨਹੀਂ ਅਜਿਹਾ ਨਹੀਂ ਹੈ। ਜਿੰਨਾ ਮੁਮਕਿਨ ਹੋਵੇਗਾ ਮੈਂ ਉਸ ਤੋਂ ਵੱਧ ਸਮੇਂ ਤਕ ਖੇਡਣਾ ਚਾਹੁੰਦਾ ਹਾਂ।' ਐਂਡਰਸਨ ਦੀ ਉਮਰ ਨੂੰ ਦੇਖਦੇ ਹੋਏ ਉਨ੍ਹਾਂ ਨਿਯਮਤ ਤੌਰ 'ਤੇ ਸੰਨਿਆਸ ਦੀਆਂ ਅਟਕਲਾਂ ਦਾ ਸਾਹਮਣਾ ਕਰਨਾ ਪਵੇਗਾ ਤੇ ਪਾਕਿਸਤਾਨ ਖ਼ਿਲਾਫ਼ ਪਹਿਲੇ ਟੈਸਟ 'ਚ ਇਸ ਤੇਜ਼ ਗੇਂਦਬਾਜ਼ ਦੇ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਇਸ ਤਰ੍ਹਾਂ ਦੀਆਂ ਅਟਕਲਾਂ ਤੇਜ਼ ਹੋਈਆਂ ਹਨ ਇੰਗਲੈਂਡ ਦੀ ਤਿੰਨ ਵਿਕਟਾਂ ਦੀ ਜਿੱਤ ਦੌਰਾਨ ਐਂਡਰਸਨ ਨੇ ਓਲਡ ਟ੍ਰੈਫਰਡ 'ਚ ਪਹਿਲੀ ਪਾਰੀ 'ਚ 63 ਦੌੜਾਂ ਦੇ ਕੇ ਇਕ ਵਿਕਟ ਲਈ, ਜਦੋਂਕਿ ਦੂਜੀ ਪਾਰੀ 'ਚ ਉਹ 34 ਦੌੜਾਂ ਦੇ ਕੇ ਇਕ ਵੀ ਵਿਕਟ ਨਹੀਂ ਲੈ ਸਕੇ। ਐਂਡਰਸਨ ਨੇ ਕਿਹਾ ਕਿ ਉਨ੍ਹਾਂ ਲੈਅ ਗੁਆ ਦਿੱਤੀ ਤੇ 10 ਸਾਲਾਂ 'ਚ ਪਹਿਲੀ ਵਾਰ ਭਾਵਨਾਵਾਂ ਨੂੰ ਖ਼ੁਦ 'ਤੇ ਹਾਵੀ ਹੋਣ ਦਿੱਤਾ।

ਐਂਡਰਸਨ 590 ਟੈਸਟ ਵਿਕਟਾਂ ਨਾਲ ਸਭ ਤੋਂ ਸਫਲ ਟੈਸਟ ਗੇਂਦਬਾਜ਼ਾਂ ਦੀ ਸੂਚੀ 'ਚ ਚੌਥੇ ਨੰਬਰ 'ਤੇ ਹਨ। ਉਨ੍ਹਾਂ ਤੋਂ ਅੱਗੇ ਸਿਰਫ ਫਿਰਕੀ ਗੇਂਦਬਾਜ਼ ਮੁਥਈਆ ਮੁਰਲੀਧਰਨ, ਸ਼ੇਨ ਵਾਰਨ ਤੇ ਅਨਿਲ ਕੁੰਬਲੇ ਹਨ।

ਬਟਲਰ ਮੁਕੰਮਲ ਖਿਡਾਰੀ : ਵਾਰਨ

ਮਾਨਚੈਸਟਰ (ਪੀਟੀਆਈ) : ਆਸਟ੍ਰੇਲੀਆ ਦੇ ਦਿੱਗਜ਼ ਫਿਰਕੀ ਗੇਂਦਬਾਜ਼ ਸ਼ੇਨ ਵਾਰਨ ਦਾ ਮੰਨਣਾ ਹੈ ਕਿ ਵਿਕਟਕੀਪਰ ਬੱਲੇਬਾਜ਼ ਜੋਸ ਬਟਲਰ ਇਕ ਮੁਕੰਮਲ ਖਿਡਾਰੀ ਹਨ, ਜਿਨ੍ਹਾਂ ਨੂੰ ਇੰਗਲੈਂਡ ਦੀ ਟੈਸਟ ਟੀਮ 'ਚ ਨਿਯਮਤ ਤੌਰ 'ਤੇ ਜਗ੍ਹਾ ਮਿਲਣੀ ਚਾਹੀਦੀ ਹੈ। ਪਾਕਿਸਤਾਨ ਖ਼ਿਲਾਫ਼ ਪਹਿਲੇ ਟੈਸਟ ਮੈਚ 'ਚ ਖ਼ਰਾਬ ਵਿਕਟ-ਕੀਪਿੰਗ ਕਾਰਨ ਬਟਲਰ ਦੀ ਕਾਫੀ ਅਲੋਚਨਾ ਹੋਈ ਸੀ ਪਰ 29 ਸਾਲ ਦੇ ਇਸ ਖਿਡਾਰੀ ਨੇ ਇੰਗਲੈਂਡ ਦੀ ਦੂਜੀ ਪਾਰੀ 'ਚ ਮੁਸ਼ਕਲ ਸਮੇਂ 'ਚ 75 ਦੌੜਾਂ ਬਣਾਉਣ ਤੋਂ ਇਲਾਵਾ ਕਿਸ ਵੋਕਸ ਨਾਲ ਛੇਵੇਂ ਵਿਕਟ ਲਈ 139 ਦੌੜਾਂ ਦੀ ਸਾਂਝੇਦਾਰੀ ਕਰ ਕੇ ਟੀਮ ਨੂੰ ਤਿੰਨ ਵਿਕਟਾਂ ਨਾਲ ਜਿੱਤ ਦਿਵਾਈ। ਵਾਰਨ ਨੇ ਕਿਹਾ ਕਿ ਬਟਲਰ ਦੀ ਵਿਕਟਕੀਪਿੰਗ ਵੀ ਠੀਕ ਹੈ, ਉਹ ਸ਼ਾਂਤ ਰਹਿੰਦੇ ਹਨ ਤੇ ਉਨ੍ਹਾਂ 'ਚ ਟੀਮ ਦੀ ਅਗਵਾਈ ਕਰਨ ਵਾਲੇ ਗੁਣ ਹਨ। ਉਹ ਮੁਕੰਮਲ ਖਿਡਾਰੀ ਵਾਂਗ ਹਨ।

ਨਾਸਿਰ ਹੁਸੈਨ ਨੇ ਵੀ ਕੀਤੀ ਬਟਲਰ ਦੀ ਸ਼ਲਾਘਾ : ਇੰਗਲੈਂਡ ਦੇ ਸਾਬਕਾ ਕਪਤਾਨ ਨਾਸਿਰ ਹੁਸੈਨ ਨੇ ਕਿਹਾ ਕਿ ਟੀਚੇ ਦਾ ਪਿੱਛਾ ਕਰਦੇ ਹੋਏ ਜੋਸ ਬਟਲਰ ਨੇ ਸੀਮਤ ਓਵਰਾਂ ਦੇ ਮੈਚਾਂ ਵਾਂਗ ਬੱਲੇਬਾਜ਼ੀ ਕੀਤੀ, ਜਿਸ 'ਚ ਉਨ੍ਹਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਲੈਅ ਹਾਸਲ ਕਰਨ ਦੇ ਬਾਰੇ 'ਚ ਸੀ ਤੇ ਜੋਸ ਵਨਡੇ ਮੈਚ ਵਾਂਗ ਤਰ੍ਹਾਂ ਖੇਡੇ। ਅਸੀਂ ਆਸਟ੍ਰੇਲੀਆ ਖ਼ਿਲਾਫ਼ ਪਹਿਲਾਂ ਵੀ ਦੇਖਿਆ ਹੈ ਕਿ ਜਦੋਂ ਉਹ ਇਸ ਤਰ੍ਹਾਂ ਖੇਡਦੇ ਹਨ ਤਾਂ ਉਨ੍ਹਾਂ ਨੂੰ ਰੋਕਣਾ ਮੁਸ਼ਕਲ ਹੁੰਦਾ ਹੈ।

ਪਾਕਿਸਤਾਨ ਦੀ ਟੀਮ ਇੰਗਲੈਂਡ ਤੋਂ ਬਿਹਤਰ : ਇੰਜ਼ਮਾਮ

ਨਵੀਂ ਦਿੱਲੀ (ਪੀਟੀਆਈ) : ਸਾਬਕਾ ਪਾਕਿਸਤਾਨੀ ਕਪਤਾਨ ਇੰਜ਼ਮਾਮ-ਉਲ-ਹੱਕ ਨੇ ਪਾਕਿਸਤਾਨ ਨੂੰ ਇੰਗਲੈਂਡ ਤੋਂ ਬਿਹਤਰ ਟੀਮ ਦੱਸਦੇ ਹੋਏ ਕਿਹਾ ਕਿ ਅਜ਼ਹਰ ਅਲੀ ਦੀ ਟੀਮ 'ਚ ਪਹਿਲੇ ਟੈਸਟ 'ਚ ਹਾਰ ਤੋਂ ਉਭਰ ਕੇ ਵਾਪਸੀ ਕਰਦੇ ਹੋਏ ਤਿੰਨ ਮੈਚਾਂ ਦੀ ਸੀਰੀਜ਼ ਜਿੱਤਣ ਦੀ ਸਮਰੱਥਾ ਹਨ। ਪਾਕਿਸਤਾਨ ਦੀ ਟੀਮ ਓਲਡ ਟ੍ਰੈਫਰਡ 'ਚਪਹਿਲੇ ਟੈਸਟ ਦੇ ਆਖਰੀ ਦਿਨ ਮਜ਼ਬੂਤ ਸਥਿਤੀ 'ਚ ਸੀ ਪਰ ਜੋਸ ਬਟਲਰ ਤੇ ਕ੍ਰਿਸ ਵੋਕਸ ਦੀਆਂ ਸ਼ਾਨਦਾਰ ਪਾਰੀਆਂ ਨਾਲ ਪਾਕਿਸਤਾਨ ਨੂੰ ਤਿੰਨ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇੰਜ਼ਮਾਮ ਨੇ ਕਿਹਾ ਕਿ ਜਿੱਤ ਦੀ ਸਥਿਤੀ 'ਚ ਹੋਣ ਦੇ ਬਾਵਜੂਦ ਪਾਕਿਸਾਤਨ ਦਾ ਹਾਰਨਾ ਨਿਰਾਸ਼ਾਜਨਕ ਸੀ ਪਰ ਉਨ੍ਹਾਂ ਦੂਜੇ ਟੈਸਟ 'ਚ ਮਜ਼ਬੂਤ ਵਾਪਸੀ ਲਈ ਆਪਣੇ ਟੀਮ ਦਾ ਸਮਰਥਨ ਕੀਤਾ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਪਾਕਿਸਤਾਨ ਦੀ ਟੀਮ ਇੰਗਲੈਂਡ ਤੋਂ ਬਿਹਤਰ ਹੈ ਪਰ ਸਾਨੂੰ ਪਹਿਲਾ ਟੈਸਟ ਮੈਚ ਜਿੱਤਣਾ ਚਾਹੀਦਾ ਸੀ। ਇਹ ਕਾਫੀ ਨਿਰਾਸ਼ਾਜਨਕ ਹੈ ਪਰ ਪਾਕਿਸਤਾਨ ਅਜੇ ਵੀ ਸੀਰੀਜ਼ ਜਿੱਤ ਸਕਦਾ ਹੈ।