ਕ੍ਰਿਸ ਸ੍ਰੀਕਾਂਤ ਦਾ ਕਾਲਮ

ਟੀ-20 ਵਿਸ਼ਵ ਕੱਪ ਸ਼ੁਰੂ ਹੋਣ ਵਿਚ ਅਜੇ 10 ਮਹੀਨੇ ਦਾ ਸਮਾਂ ਬਚਿਆ ਹੈ। ਅਜਿਹੇ ਵਿਚ ਵੈਸਟਇੰਡੀਜ਼ ਖਿਲਾਫ਼ ਸੀਰੀਜ਼ ਭਾਰਤੀ ਟੀਮ ਲਈ ਖ਼ੁਦ ਨੂੰ ਕਸੌਟੀ 'ਤੇ ਕੱਸਣ ਦਾ ਚੰਗਾ ਮੌਕਾ ਹੈ। ਬੰਗਲਾਦੇਸ਼ ਦੇ ਹੱਥੋ ਟੀ-20 ਮੈਚ ਵਿਚ ਮਿਲੀ ਹਾਰ ਅੱਖਾਂ ਖੋਲ੍ਹਣ ਵਾਲੀ ਹੈ। ਇਸ ਵੰਨਗੀ ਵਿਚ ਕਿਸੇ ਵੀ ਟੀਮ ਨੂੰ ਹਲਕੇ ਵਿਚ ਨਹੀਂ ਲਿਆ ਜਾ ਸਕਦਾ ਹੈ। ਕੋਈ ਵੀ ਮੈਚ ਜਿੱਤਣ ਲਈ ਕੋਈ ਇਕ ਨਿੱਜੀ ਪ੍ਰਦਰਸ਼ਨ ਹੀ ਕਾਫੀ ਰਹਿੰਦਾ ਹੈ। ਵਿਰਾਟ ਕੋਹਲੀ ਅਤੇ ਭੁਵਨੇਸ਼ਵਰ ਕੁਮਾਰ ਦੀ ਵਾਪਸੀ ਤੋਂ ਬਾਅਦ ਭਾਰਤ ਆਪਣੀ ਮਜ਼ਬੂਤ ਟੀਮ ਦੇ ਨਾਲ ਉੱਤਰੇਗਾ। ਜਦ ਜਸਪ੍ਰੀਤ ਬੁਮਰਾਹ ਟੀਮ ਵਿਚ ਪਰਤਣਗੇ ਤਾਂ ਉਸ ਤੋਂ ਬਾਅਦ ਵਿਸ਼ਵ ਕੱਪ ਲਈ ਸਹੀ ਟੀਮ ਦਾ ਮੁੱਲਕਣ ਕੀਤਾ ਜਾ ਸਕੇਗਾ।

ਇਸ ਗੱਲ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਸ ਵੰਨਗੀ ਵਿਚ ਵੈਸਟਇੰਡੀਜ਼ ਦੀ ਟੀਮ ਬੇਹੱਦ ਸ਼ਾਨਦਾਰ ਹੈ। ਅਜਿਹੇ ਵਿਚ ਮਹਿਮਾਨ ਟੀਮ ਭਾਰਤ ਦੇ ਸਾਹਮਣੇ ਕੜੀ ਚੁਣੌਤੀ ਪੇਸ਼ ਕਰ ਸਕਦੀ ਹੈ। ਇਸ ਲੜੀ ਲਈ ਵੈਸਟਇੰਡੀਜ਼ ਦੀ ਟੀਮ ਵਿਚ ਕਈ ਰੋਮਾਂਚਕ ਨਾਮ ਹਨ। ਨਾਲ ਹੀ ਕਈ ਵੱਡੇ ਨਾਮ ਇਸ ਦੌਰੇ ਦਾ ਹਿੱਸਾ ਨਹੀਂ ਹਨ। ਮੈਨੂੰ ਉਮੀਦ ਹੈ ਕਿ ਕੀਰੋਨ ਪੋਲਾਰਡ ਦੀ ਅਗਵਾਈ ਵਿਚ ਵਿੰਡੀਜ਼ ਟੀਮ ਬਿਹਤਰ ਪ੍ਰਦਰਸ਼ਨ ਕਰੇਗੀ। ਇਸ ਦੇ ਨਾਲ ਹੀ ਵੈਸਟਇੰਡੀਜ਼ ਨੇ ਭਾਰਤੀ ਜ਼ਮੀਨ 'ਤੇ ਅਫ਼ਗਾਨਿਸਤਾਨ ਖਿਲਾਫ਼ ਹਾਲ ਹੀ ਵਿਚ ਸੀਰੀਜ਼ ਖੇਡੀ ਹੈ, ਜਿਸ ਦਾ ਉਸ ਨੂੰ ਫ਼ਾਇਦਾ ਹੋਵੇਗਾ। ਉਥੇ ਭਾਰਤੀ ਟੀਮ ਨੂੰ ਬਤੌਰ ਓਪਨਰ ਕੇਐੱਲ ਰਾਹੁਲ 'ਤੇ ਭਰੋਸਾ ਬਰਕਰਾਰ ਰੱਖਣਾ ਚਾਹੀਦਾ। ਹੁਣ ਸ਼ਿਖਰ ਧਵਨ ਤੋਂ ਅੱਗੇ ਵਧ ਕੇ ਸੋਚਣ ਦੀ ਲੋੜ ਹੈ। ਹਮਲਾਵਾਰ ਸ਼ੁਰੂਆਤ ਹੋਣਾ ਸਮੇਂ ਦੀ ਮੰਗ ਹੈ ਅਤੇ ਇਸ ਖੇਤਰ ਵਿਚ ਭਾਰਤ ਹਾਲ ਹੀ ਵਿਚ ਅਸਫਲ ਸਾਬਤ ਹੋਇਆ ਹੈ। ਬੇਸ਼ੱਕ ਪਾਰੀ ਸੰਭਾਲਣ ਲਈ ਵਿਰਾਟ ਕੋਹਲੀ ਸਣੇ ਹੋਰ ਬੱਲੇਬਾਜ਼ ਮੌਜੂਦ ਹਨ ਪਰ ਵੱਡੇ ਮੌਕਿਆਂ 'ਤੇ ਇਹ ਕਾਫੀ ਸਾਬਿਤ ਨਹੀਂ ਹੋਇਆ ਹੈ, ਜਿਸ ਤਰ੍ਹਾਂ ਕਿ ਅਸੀਂ ਪਿਛਲੇ ਕੁਝ ਸਾਲ ਵਿਚ ਆਈਸੀਸੀ ਟੂਰਨਾਮੈਂਟ ਵਿਚ ਦੇਖ ਵੀ ਚੁੱਕੇ ਹਾਂ।

ਭਾਰਤ ਦਾ ਗੇਂਦਬਾਜ਼ੀ ਵਿਭਾਗ ਬਿਹਤਰੀਨ ਹੈ ਰਵਿੰਦਰ ਜਡੇਜਾ ਦੀ ਵਾਪਸੀ ਤੋਂ ਬਾਅਦ ਸਪਿਨਰਾਂ ਵਿਚਕਾਰ ਮੁਕਾਬਲਾ ਵੀ ਵਧ ਗਿਆ ਹੈ, ਜੋ ਚੰਗਾ ਹੈ। ਫੀਲਡਿੰਗ ਅਜਿਹਾ ਖੇਤਰ ਹੈ, ਜਿਸ ਵਿਚ ਇਸ ਟੀਮ ਨੇ ਜ਼ਬਰਦਸਤ ਸੁਧਾਰ ਕੀਤਾ ਹੈ। ਹੈਦਰਾਬਾਦ ਵਿਚ ਪਿੱਚ ਹਮੇਸ਼ਾ ਹੀ ਬੱਲੇਬਾਜ਼ਾਂ ਲਈ ਸਵਰਗ ਮੰਨੀ ਜਾਂਦੀ ਹੈ। ਇਥੇ ਦੀ ਆਊਟਫੀਲਡ ਵੀ ਕਾਫੀ ਤੇਜ਼ ਹੈ, ਜਿਸ ਤੋਂ ਬੱਲੇਬਾਜ਼ਾਂ ਨੂੰ ਕਾਫੀ ਮਦਦ ਮਿਲਦੀ ਹੈ। ਗੇਂਦਬਾਜ਼ਾਂ ਲਈ ਥੋੜ੍ਹੀ ਮੁਸ਼ਕਿਲ ਹੋ ਸਕਦੀ ਹੈ। ਇਹ ਬੇਹੱਦ ਦਿਲਚਸਪ ਲੜੀ ਹੋਵੇਗੀ ਪਰ ਜੇ ਭਾਰਤੀ ਟੀਮ ਆਪਣੀ ਸਮਰਥਾ ਅਨੁਸਾਰ ਖੇਡੀ ਤਾਂ ਫਿਰ ਸਫਲਤਾ ਉਸ ਦੇ ਹੱਥ ਲੱਗ ਸਕਦੀ ਹੈ।