ਨਵੀਂ ਦਿੱਲੀ, ਆਨਲਾਈਨ ਡੈਸਕ: DC vs PBKS IPL 2022 : ਇੰਡੀਅਨ ਪ੍ਰੀਮੀਅਰ ਲੀਗ 2022 ਦੇ 64ਵੇਂ ਲੀਗ ਮੈਚ ਵਿੱਚ, ਦਿੱਲੀ ਕੈਪੀਟਲਜ਼ ਦਾ ਸਾਹਮਣਾ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ਵਿੱਚ ਪੰਜਾਬ ਕਿੰਗਜ਼ ਨਾਲ ਹੋਇਆ। ਪੰਜਾਬ ਕਿੰਗਜ਼ ਦੇ ਕਪਤਾਨ ਮਯੰਕ ਅਗਰਵਾਲ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲੀ ਪਾਰੀ 'ਚ ਬੱਲੇਬਾਜ਼ੀ ਕਰਦੇ ਹੋਏ ਦਿੱਲੀ ਦੀ ਟੀਮ ਨੇ ਮਿਸ਼ੇਲ ਮਾਰਸ਼ ਦੀ ਅਰਧ ਸੈਂਕੜੇ ਵਾਲੀ ਪਾਰੀ ਦੇ ਦਮ 'ਤੇ 20 ਓਵਰਾਂ 'ਚ 7 ਵਿਕਟਾਂ 'ਤੇ 159 ਦੌੜਾਂ ਬਣਾਈਆਂ ਅਤੇ ਪੰਜਾਬ ਕਿੰਗਜ਼ ਨੂੰ ਜਿੱਤ ਲਈ 160 ਦੌੜਾਂ ਦਾ ਟੀਚਾ ਦਿੱਤਾ।

ਪੰਜਾਬ ਦੀ ਟੀਮ ਦੇ ਬੱਲੇਬਾਜ਼ ਦਿੱਲੀ ਦੇ ਗੇਂਦਬਾਜ਼ਾਂ ਦੇ ਸਾਹਮਣੇ ਟਿਕ ਨਹੀਂ ਸਕੇ ਅਤੇ ਇਹ ਟੀਮ 20 ਓਵਰਾਂ ਵਿੱਚ 9 ਵਿਕਟਾਂ ਗੁਆ ਕੇ 142 ਦੌੜਾਂ ਹੀ ਬਣਾ ਸਕੀ ਅਤੇ ਉਹ 17 ਦੌੜਾਂ ਨਾਲ ਹਾਰ ਗਈ। ਇਸ ਹਾਰ ਤੋਂ ਬਾਅਦ ਪੰਜਾਬ ਦੀ ਟੀਮ ਦਾ ਪਲੇਆਫ 'ਚ ਪਹੁੰਚਣ ਦਾ ਰਾਹ ਮੁਸ਼ਕਿਲ ਹੋ ਗਿਆ ਹੈ। ਇਸ ਦੇ ਨਾਲ ਹੀ ਪੰਜਾਬ 'ਤੇ ਮਿਲੀ ਜਿੱਤ ਤੋਂ ਬਾਅਦ ਦਿੱਲੀ ਦੀ ਟੀਮ ਨੇ ਪਲੇਆਫ ਵੱਲ ਕਦਮ ਵਧਾਇਆ ਹੈ। ਦਿੱਲੀ ਦੀ ਟੀਮ ਦੀ 13 ਮੈਚਾਂ 'ਚ ਇਹ 7ਵੀਂ ਜਿੱਤ ਸੀ ਅਤੇ ਇਹ ਟੀਮ ਹੁਣ 14 ਅੰਕਾਂ ਨਾਲ ਅੰਕ ਸੂਚੀ 'ਚ ਚੌਥੇ ਸਥਾਨ 'ਤੇ ਪਹੁੰਚ ਗਈ ਹੈ। ਦੂਜੇ ਪਾਸੇ ਪੰਜਾਬ ਦੀ ਟੀਮ ਨੇ 13 ਮੈਚਾਂ ਵਿੱਚ 6 ਜਿੱਤਾਂ ਹਾਸਲ ਕੀਤੀਆਂ ਹਨ ਅਤੇ ਇਹ ਟੀਮ 12 ਅੰਕਾਂ ਨਾਲ ਸੱਤਵੇਂ ਸਥਾਨ ’ਤੇ ਹੈ।

ਇਸ ਮੈਚ ਵਿੱਚ ਸ਼ਾਰਦੁਲ ਠਾਕੁਰ ਨੇ ਆਪਣੇ ਆਈਪੀਐਲ ਕਰੀਅਰ ਦਾ ਸਰਵੋਤਮ ਪ੍ਰਦਰਸ਼ਨ ਦਿੱਤਾ ਅਤੇ ਆਪਣੇ ਸਪੈੱਲ ਦੇ 4 ਓਵਰਾਂ ਵਿੱਚ 36 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਸ਼ਾਰਦੁਲ ਠਾਕੁਰ ਨੇ ਇਸ ਮੈਚ 'ਚ ਸ਼ਿਖਰ ਧਵਨ, ਭਾਨੁਕਾ ਰਾਜਪਕਸ਼ੇ, ਜਿਤੇਸ਼ ਸ਼ਰਮਾ ਅਤੇ ਕਾਗਿਸੋ ਰਬਾਡਾ ਦੀਆਂ ਵਿਕਟਾਂ ਲਈਆਂ। ਇਸ ਦੇ ਨਾਲ ਹੀ ਅਕਸ਼ਰ ਪਟੇਲ ਅਤੇ ਕੁਲਦੀਪ ਯਾਦਵ ਨੇ ਵੀ ਉਸ ਦਾ ਚੰਗਾ ਸਾਥ ਦਿੱਤਾ ਅਤੇ ਦੋਵਾਂ ਨੇ ਦੋ-ਦੋ ਵਿਕਟਾਂ ਲਈਆਂ।

Posted By: Jagjit Singh