ਨਵੀਂ ਦਿੱਲੀ, ਆਨਲਾਈਨ ਡੈਸਕ : ਇੰਡੀਅਨ ਪ੍ਰੀਮੀਅਰ ਲੀਗ ਦੇ 15ਵੇਂ ਸੀਜ਼ਨ ’ਚ ਲਗਪਗ ਸਾਰੀਆਂ ਟੀਮਾਂ ਨੇ 12 ਜਾਂ ਇਸ ਤੋਂ ਵੱਧ ਮੈਚ ਖੇਡੇ ਹਨ। 10 ਟੀਮਾਂ ਵਿਚਾਲੇ ਟਰਾਫੀ ਹਾਸਿਲ ਕਰਨ ਦੀ ਲੜਾਈ ਹੁਣ ਹੌਲੀ-ਹੌਲੀ ਰੋਮਾਂਚਕ ਹੁੰਦੀ ਜਾ ਰਹੀ ਹੈ। ਹੁਣ ਟਾਪ-4 ਦੀ ਤਸਵੀਰ ਥੋੜ੍ਹੀ ਸਾਫ਼ ਹੁੰਦੀ ਨਜਜ਼ਰ ਆ ਰਹੀ ਹੈ। ਗੁਜਰਾਤ, ਲਖਨਊ ਅਤੇ ਰਾਜਸਥਾਨ ਦੀਆਂ ਟੀਮਾਂ ਟਾਪ -4 ’ਚ ਬਰਕਰਾਰ ਹਨ।

ਗੁਜਰਾਤ ਦੀ ਟੀਮ 20 ਅੰਕਾਂ ਨਾਲ ਅੰਕ ਸੂਚੀ ਵਿਚ ਸਿਖ਼ਰ ’ਤੇ ਹੈ। ਇਸ ਸੀਜ਼ਨ ’ਚ ਉਹ ਪਲੇਆਫ ਵਿਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ ਹੈ। ਦੂਜੇ ਨੰਬਰ ’ਤੇ 16 ਅੰਕਾਂ ਨਾਲ ਰਾਜਸਥਾਨ ਦੀ ਟੀਮ ਹੈ। ਨੈੱਟ ਰਨ ਰੇਟ ਦੇ ਆਧਾਰ ’ਤੇ ਲਖਨਊ ਦੀ ਟੀਮ ਤੀਜੇ ਨੰਬਰ ’ਤੇ ਖਿਸਕ ਗਈ ਹੈ। ਦਿੱਲੀ ਨੇ ਪੰਜਾਬ ਨੂੰ 17 ਦੌੜਾਂ ਨਾਲ ਹਰਾ ਕੇ ਪਹਿਲੀ ਵਾਰ ਟਾਪ-4 ’ਚ ਐਂਟਰੀ ਮਾਰੀ ਹੈ ਅਤੇ ਆਪਣੇ ਪਲੇਆਫ ਦੀਆਂ ਉਮੀਦਾਂ ਨੂੰ ਹੋਰ ਮਜ਼ਬੂਤ ਕੀਤਾ ਹੈ।

5ਵੇਂ ਨੰਬਰ ’ਤੇ ਰਾਇਲ ਚੈਲਿੰਜਰਜ਼ ਬੈਂਗਲੁਰੂ ਦੀ ਟੀਮ ਹੈ, ਜਿਸ ਦੇ ਫਿਲਹਾਲ 14 ਅੰਕ ਹਨ ਅਤੇ ਉਸ ਨੇ ਅਜੇ ਇਕ ਮੈਚ ਹੋਰ ਖੇਡਣਾ ਹੈ। ਉਸ ਨੂੰ ਉਸ ਮੈਚ ’ਚ ਵੱਡੀ ਜਿੱਤ ਦੀ ਲੋੜ ਹੈ। ਛੇਵੇਂ ਨੰਬਰ ’ਤੇ ਕੋਲਕਾਤਾ ਦੀ ਟੀਮ ਹੈ, ਜੋ ਪਲੇਆਫ ਦੀ ਦੌੜ ਤੋਂ ਲਗਪਗ ਬਾਹਰ ਹੈ, ਫਿਲਹਾਲ ਉਸ ਦੇ 12 ਅੰਕ ਹਨ। ਲਗਾਤਾਰ ਦੋ ਹਾਰਾਂ ਤੋਂ ਬਾਅਦ ਪੰਜਾਬ ਦੀ ਟੀਮ 7ਵੇਂ ਨੰਬਰ ’ਤੇ ਖਿਸਕ ਗਈ ਹੈ। ਫਿਲਹਾਲ ਟੀਮ ਦੇ 13 ਮੈਚਾਂ ’ਚ 12 ਅੰਕ ਹਨ। ਸਨਰਾਈਜਰਸ ਹੈਦਰਾਬਾਦ ਦੀ ਟੀਮ ਲਗਾਤਾਰ 5 ਹਾਰਾਂ ਮਿਲਣ ਤੋਂ ਬਾਅਦ 8ਵੇਂ ਨੰਬਰ ’ਤੇ ਖਿਸਕ ਗਈ ਹੈ। ਮੁੰਬਈ ਖ਼ਿਲਾਫ਼ ਹਾਰ ਉਨ੍ਹਾਂ ਨੂੰ ਪਲੇਆਫ ਦੀ ਦੌੜ ਤੋਂ ਬਾਹਰ ਕਰ ਸਕਦੀ ਹੈ। ਚੇਨਈ ਅਤੇ ਮੁੰਬਈ ਦੀਆਂ ਟੀਮਾਂ ਕ੍ਰਮਵਾਰ 9ਵੇਂ ਅਤੇ 10ਵੇਂ ਨੰਬਰ ’ਤੇ ਹਨ। ਚੇਨਈ 13 ਮੈਚਾਂ ’ਚ 4 ਜਿੱਤਾਂ ਨਾਲ 8 ਅੰਕਾਂ ਨਾਲ 9ਵੇਂ ਨੰਬਰ ’ਤੇ ਹੈ ਜਦੋਂਕਿ ਮੁੰਬਈ ਦੀ ਟੀਮ 12 ਮੈਚਾਂ ’ਚ 6 ਅੰਕਾਂ ਨਾਲ 10ਵੇਂ ਨੰਬਰ ’ਤੇ ਹੈ। ਇਹ ਪਹਿਲੀ ਵਾਰ ਹੈ, ਜਦੋਂ ਚੇਨਈ ਅਤੇ ਮੁੰਬਈ ਦੀਆਂ ਟੀਮਾਂ ਪਲੇਆਫ ’ਚ ਨਹੀਂ ਹਨ।

Posted By: Harjinder Sodhi